ਚੇਨੱਈ, 25 ਨਵੰਬਰ
ਚੱਕਰਵਾਤੀ ਤੂਫ਼ਾਨ ‘ਨਿਵਾਰ’ ਅਗਲੇ 12 ਘੰਟਿਆਂ ਅੰਦਰ ਖਤਰਨਾਕ ਰੂਪ ਅਖ਼ਤਿਆਰ ਕਰ ਲਵੇਗਾ ਅਤੇ ਇਹ ਭਲਕੇ 26 ਨਵੰਬਰ ਨੂੰ ਤੜਕੇ ਤਾਮਿਲ ਨਾਡੂ ਤੇ ਪੁੱਡੂਚੇਰੀ ਵਿਚਾਲੇ ਤੱਟ ਨਾਲ ਟਕਰਾਏਗਾ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਉੱਧਰ ਤਾਮਿਲ ਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਚੱਕਰਵਾਤ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਲਈ ਭਲਕੇ ਚੇਨੱਈ, ਵੈੱਲੂਰ, ਕੁੱਡਲੌਰ, ਵਿੱਲੂਪੁਰਮ, ਨਾਗਾਪਟਨਮ, ਤਿਰੁਵਲੂਰ, ਚੇਂਗਲਪੇਟ ਤੇ ਕਾਂਚੀਪੁਰਮ ਸਮੇਤ 13 ਜ਼ਿਲ੍ਹਿਆਂ ’ਚ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ‘ਚੱਕਰਵਾਤੀ ਤੂਫ਼ਾਨ ਦੇ ਅਗਲੇ 12 ਘੰਟਿਆਂ ਅੰਦਰ ਬਹੁਤ ਭਿਆਨਕ ਰੂਪ ਲੈ ਲੈਣ ਦਾ ਖਦਸ਼ਾ ਹੈ। ਇਸ ਦੇ ਉੱਤਰ-ਪੱਛਮ ਵੱਲ ਵਧਣ ਅਤੇ 25 ਨਵੰਬਰ ਦੀ ਰਾਤ ਜਾਂ 26 ਨਵੰਬਰ ਤੜਕੇ ਤਾਮਿਲ ਨਾਡੂ ਤੇ ਪੁੱਡੂਚੇਰੀ ਵਿਚਾਲੇ ਕਰਾਈਕਲ ਤੇ ਮਾਮੱਲਾਪੁਰਮ ਤੱਟ ਨਾਲ ਟਕਰਾਉਣ ਦਾ ਖਦਸ਼ਾ ਹੈ। ਤੂਫ਼ਾਨ ਦੀ ਰਫ਼ਤਾਰ 120-130 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਜੋ ਵੱਧ ਕੇ 145 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।’ ਚੱਕਰਵਾਤ ਦੇ ਪ੍ਰਭਾਵ ਕਾਰਨ ਚੇਨੱਈ ਤੇ ਇਸ ਦੇ ਨੇੜਲੇ ਖੇਤਰਾਂ ’ਚ ਸਾਰੀ ਰਾਤ ਮੀਂਹ ਪਿਆ ਅਤੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ ਹੈ। ਇਸੇ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਚੇਂਬਾਰਮਬੱਕਮ ਝੀਲ ਤੋਂ ਇੱਕ ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਕਿਉਂਕਿ ਇਸ ’ਚ ਪਾਣੀ ਵੱਧ ਤੋਂ ਵੱਧ ਪੱਧਰ ਤੱਕ ਪਹੁੰਚਣ ਵਾਲਾ ਹੈ। ਇਸ ਝੀਲ ਦੀ ਕੁੱਲ ਸਮਰੱਥਾ 3645 ਮਿਲੀਅਨ ਕਿਊਬਿਕ ਫੁੱਟ ਹੈ ਤੇ ਇਸ ’ਚ 3 ਹਜ਼ਾਰ ਮਿਲੀਅਨ ਕਿਊਬਿਕ ਫੁੱਟ ਤੱਕ ਪਾਣੀ ਭਰ ਗਿਆ ਹੈ। -ਪੀਟੀਆਈ