ਸ੍ਰੀਲੰਕਾ ’ਚ ਚੱਕਰਵਾਤ ਦਿਤਵਾ ਕਾਰਨ ਲਗਪਗ 300,000 ਬੱਚੇ ਪ੍ਰਭਾਵਿਤ ਹੋਣ ਦਾ ਖਦਸ਼ਾ
SriLanka Cyclon Ditwah: ਯੂਨੀਸੈਫ (UNICEF) ਨੇ ਅੱਜ ਦੱਸਿਆ ਕਿ ਚੱਕਰਵਾਤ ਦਿਤਵਾ (Ditwah) ਕਾਰਨ ਪ੍ਰਭਾਵਿਤ ਹੋਏ 14 ਲੱਖ ਲੋਕਾਂ ਵਿੱਚ ਲਗਪਗ 300,000 ਬੱਚੇ ਸ਼ਾਮਲ ਹਨ ਸ੍ਰੀਲੰਕਾ ਚੱਕਰਵਾਤ ਦਿਤਵਾ ਕਾਰਨ ਹੋਏ ਵਿਆਪਕ ਹੜ੍ਹਾਂ, ਜ਼ਮੀਨ ਖਿਸਕਣ ਅਤੇ ਬੁਨਿਆਦੀ ਢਾਂਚੇ ਦੇ ਢਹਿ ਜਾਣ ਨਾਲ ਜੂਝ ਰਿਹਾ ਹੈ, ਜਿਸ ਕਾਰਨ ਕਈ ਜ਼ਿਲ੍ਹੇ ਅਲੱਗ-ਥਲੱਗ ਹੋ ਗਏ ਹਨ ਅਤੇ ਦੇਸ਼ ਦੀ ਆਫ਼ਤ-ਪ੍ਰਤੀਕਿਰਿਆ ਸਮਰੱਥਾ ’ਤੇ ਗੰਭੀਰ ਦਬਾਅ ਪੈ ਰਿਹਾ ਹੈ।
16 ਨਵੰਬਰ ਤੋਂ ਲੈ ਕੇ ਮੌਸਮੀ ਸਥਿਤੀਆਂ ਕਾਰਨ ਆਏ ਵਿਨਾਸ਼ਕਾਰੀ ਹੜ੍ਹਾਂ ਅਤੇ ਜ਼ਮੀਨ ਖਿਸਕਣ ਵਿੱਚ 390 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 352 ਲੋਕ ਲਾਪਤਾ ਹਨ।
ਯੂਨੀਸੈਫ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਚੱਕਰਵਾਤ ਦਿਤਵਾਹ ਨੇ ਸ੍ਰੀਲੰਕਾ ਵਿੱਚ ਬੱਚਿਆਂ ਨੂੰ ਵੱਧ ਰਹੇ ਮਾਨਵਤਾਵਾਦੀ ਸੰਕਟ ਦਾ ਸਾਹਮਣਾ ਕਰਨ ਲਈ ਛੱਡ ਦਿੱਤਾ ਹੈ। 28 ਨਵੰਬਰ ਨੂੰ ਤੜਕੇ ਪੂਰਬੀ ਤੱਟ ’ਤੇ ਪਹੁੰਚਣ ਤੋਂ ਬਾਅਦ, ਤੂਫ਼ਾਨ ਨੇ ਵਿਆਪਕ ਹੜ੍ਹ ਅਤੇ ਵਿਨਾਸ਼ਕਾਰੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੂੰ ਜਨਮ ਦਿੱਤਾ।”
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਪ੍ਰਭਾਵਿਤ ਹੋਏ 14 ਲੱਖ ਲੋਕਾਂ ਵਿੱਚੋਂ 275,000 ਤੋਂ ਵੱਧ ਬੱਚੇ ਸ਼ਾਮਲ ਹਨ, ਹਾਲਾਂਕਿ ਸੰਚਾਰ ਵਿੱਚ ਰੁਕਾਵਟ ਅਤੇ ਰਸਤਿਆਂ ਦੇ ਬੰਦ ਹੋਣ ਕਾਰਨ ਅਸਲ ਸੰਖਿਆ ਹੋਰ ਵੀ ਵੱਧ ਹੋ ਸਕਦੀ ਹੈ।”
ਵਰਲਡ ਬੈਂਕ ਦੀ 2025 ਦੀ ਰਿਪੋਰਟ ਅਨੁਸਾਰ, 2019 ਤੋਂ ਬਾਅਦ ਗਰੀਬੀ ਦੁੱਗਣੀ ਤੋਂ ਵੱਧ ਹੋ ਗਈ ਹੈ, ਜੋ ਕਿ 11.3 ਫੀਸਦ ਤੋਂ ਵੱਧ ਕੇ 24.5 ਫੀਸਦ ਹੋ ਗਈ ਹੈ। ਯੂਨੀਸੈਫ ਨੇ ਕਿਹਾ ਕਿ ਲੱਖਾਂ ਪਰਿਵਾਰਾਂ ਲਈ, ਜੀਵਨ ਅਜੇ ਵੀ ਮਹਿੰਗਾ ਹੈ ਅਤੇ ਬੁਨਿਆਦੀ ਲੋੜਾਂ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ।
