CWRC: ਤਾਮਿਲ ਨਾਡੂ ਨੂੰ 15 ਦਿਨ ਕਾਵੇਰੀ ਦਾ ਪਾਣੀ ਦੇਣ ਦੇ ਹੁਕਮ
ਕਾਵੇਰੀ ਜਲ ਰੈਗੂਲੇਸ਼ਨ ਕਮੇਟੀ ਨੇ ਕਰਨਾਟਕ ਸਰਕਾਰ ਨੂੰ ਨਿਰਦੇਸ਼ ਦਿੱਤਾ
ਕਾਵੇਰੀ ਜਲ ਰੈਗੂਲੇਸ਼ਨ ਕਮੇਟੀ (ਸੀ ਡਬਲਿਊ ਆਰ ਸੀ) ਨੇ ਅੱਜ ਕਰਨਾਟਕ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਗਲੇ 15 ਦਿਨ ਤੱਕ ਤਾਮਿਲ ਨਾਡੂ ਲਈ ਰੋਜ਼ਾਨਾ ਕਾਵੇਰੀ ਦਰਿਆ ਤੋਂ 12 ਹਜ਼ਾਰ ਕਿਊਸਕ ਪਾਣੀ ਛੱਡੇ। ਇਹ ਨਿਰਦੇਸ਼ ਦਰਿਆ ਦੇ ਪਾਣੀ ਦੀ ਵੰਡ ਬਾਰੇ ਦੱਖਣ ਦੇ ਇਨ੍ਹਾਂ ਦੋ ਰਾਜਾਂ ਦਰਮਿਆਨ ਜਾਰੀ ਰੇੜਕੇ ਦਰਮਿਆਨ ਦਿੱਤਾ ਗਿਆ ਹੈ।
ਇਹ ਨਿਰਦੇਸ਼ ਸੀ ਡਬਲਿਊ ਆਰ ਸੀ ਦੀ ਮੀਟਿੰਗ ’ਚ ਜਾਰੀ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਇਸ ਦੇ ਪ੍ਰਧਾਨ ਵਿਨੀਤ ਗੁਪਤਾ ਨੇ ਕੀਤੀ। ਕਾਵੇਰੀ ਜਲ ਪ੍ਰਬੰਧਨ ਅਥਾਰਿਟੀ (ਸੀ ਡਬਲਿਊ ਐੱਮ ਏ) ਦੀ ਮੀਟਿੰਗ ਬਾਅਦ ਵਿੱਚ ਹੋਣੀ ਹੈ। ਇਸ ਤੋਂ ਪਹਿਲਾਂ ਸੀ ਡਬਲਿਊ ਐੱਮ ਏ ਨੇ ਕਰਨਾਟਕ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਤਾਮਿਲ ਨਾਡੂ ਲਈ ਕਾਵੇਰੀ ਦਾ ਪਾਣੀ ਛੱਡੇ। ਸੀ ਡਬਲਿਊ ਆਰ ਸੀ ਨੇ 28 ਜੁਲਾਈ ਨੂੰ ਹੋਈ ਆਪਣੀ ਮੀਟਿੰਗ ’ਚ ਨਿਰਦੇਸ਼ ਦਿੱਤਾ ਸੀ ਕਿ ਕਰਨਾਟਕ 29 ਜੁਲਾਈ ਤੋਂ 15 ਦਿਨ ਤੱਕ ਬਿਲੀਗੁੰਡਲੂ ’ਚ 3500 ਕਿਊਸਕ ਪਾਣੀ ਛੱਡਣਾ ਯਕੀਨੀ ਬਣਾਏ। ਇਸ ਮਗਰੋਂ ਸੀ ਡਬਲਿਊ ਐੱਮ ਏ ਨੇ ਹੁਕਮ ਬਰਕਰਾਰ ਰੱਖਿਆ ਅਤੇ ਕਰਨਾਟਕ ਸਰਕਾਰ ਨੂੰ ਇਸ ’ਤੇ ਅਮਲ ਕਰਨ ਦੀ ਹਦਾਇਤ ਕੀਤੀ।
ਤਾਮਿਲ ਨਾਡੂ ਨੇ ਦੋਸ਼ ਲਾਇਆ ਹੈ ਕਿ ਕਰਨਾਟਕ ਤੈਅ ਮਾਤਰਾ ’ਚ ਪਾਣੀ ਨਹੀਂ ਛੱਡ ਰਿਹਾ। ਤਾਮਿਲ ਨਾਡੂ ਸਰਕਾਰ ਅਨੁਸਾਰ 29 ਜੁਲਾਈ ਤੋਂ ਦੋ ਅਗਸਤ ਦਰਮਿਆਨ ਬਿਲੀਗੁੰਡਲੂ ’ਚ ਪਾਣੀ ਦਾ ਵਹਾਅ 158 ਕਿਊਸਕ ਤੋਂ 550 ਕਿਊਸਕ ਦਰਮਿਆਨ ਦਰਜ ਕੀਤਾ ਗਿਆ। ਇਹ ਤਾਜ਼ਾ ਘਟਨਾਕ੍ਰਮ ਤਾਮਿਲ ਨਾਡੂ ਦੀ ਕਾਨੂੰਨੀ ਚੁਣੌਤੀ ਦਰਮਿਆਨ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਇਸ ਮੁੱਦੇ ’ਤੇ ਤਾਮਿਲ ਨਾਡੂ ਸਰਕਾਰ ਦੀ ਪਟੀਸ਼ਨ ’ਤੇ 13 ਅਗਸਤ ਨੂੰ ਸੁਣਵਾਈ ਕਰੇਗੀ।

