ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ ਦੇ ਮੱਦੇਨਜ਼ਰ ਵਾਦੀ ਵਿੱਚ ਆਇਦ ਦੋ ਰੋਜ਼ਾ ਕਰਫਿਊ ਦੇ ਦੂਜੇ ਦਿਨ ਸ੍ਰੀਨਗਰ ਦੇ ਲਾਲ ਚੌਕ ਵਿੱਚ ਤਾਇਨਾਤ ਸੀਆਰਪੀਐੱਫ ਦੇ ਵਾਹਨ। -ਫੋਟੋ: ਪੀਟੀਆਈ

ਸ੍ਰੀਨਗਰ, 4 ਅਗਸਤ

ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤੇ 35ਏ ਤਹਿਤ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੀ ਭਲਕੇ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਅੱਜ ਸ੍ਰੀਨਗਰ ਜ਼ਿਲ੍ਹੇ ਵਿੱਚ ਲਾਏ ਕਰਫ਼ਿਊ ਨੂੰ ਦੇਰ ਸ਼ਾਮ ਚੁੱਕ ਲਿਆ ਗਿਆ। ਡਿਪਟੀ ਕਮਿਸ਼ਨਰ ਸ਼ਾਹਿਦ ਚੌਧਰੀ ਨੇ ਕਿਹਾ ਕਿ ਦੇਰ ਸ਼ਾਮ ਖੇਤਰ ਵਿੱਚ ਹਾਲਾਤ ਦੀ ਸਮੀਖਿਆ ਮਗਰੋਂ ਕਰਫਿਊ ਨੂੰ ਸਮੇਂ ਤੋਂ ਪਹਿਲਾਂ ਹੀ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਹਿਲਾਂ ਕਰਫਿਊ ਬੁੱਧਵਾਰ ਤਕ ਆਇਦ ਰਹਿਣਾ ਸੀ। ਹੁਕਮਾਂ ’ਚ ਹਾਲਾਂਕਿ ਸਾਫ਼ ਕਰ ਦਿੱਤਾ ਗਿਆ ਹੈ ਕੋਵਿਡ-19 ਕਰਕੇ ਮੌਜੂੁਦਾ ਹਾਲਾਤ ਦੇ ਮੱਦੇਨਜ਼ਰ ਧਾਰਾ 144 ਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਜਾਰੀ ਪਾਬੰਦੀਆਂ ਦੇ ਹੁਕਮ ਪਹਿਲਾਂ ਵਾਂਗ ਜਾਰੀ ਰਹਿਣਗੇ।

ਇਸ ਦੌਰਾਨ ਦਹਿਸ਼ਤਗਰਦਾਂ ਨੇ ਰਾਤ ਨੌਂ ਵਜੇ ਦੇ ਕਰੀਬ ਪੁਲਵਾਮਾ ਜ਼ਿਲ੍ਹੇ ਦੇ ਵਾਨਪੋਰਾ ਵਿੱਚ ਪੁਲੀਸ ਬੰਕਰ ’ਤੇ ਹੱਥਗੋਲਾ ਸੁੱਟਿਆ। ਦਹਿਸ਼ਤਗਰਦਾਂ ਨੇ ਪੁਲੀਸ ਟੁਕੜੀ ’ਤੇ ਫਾਇਰਿੰਗ ਵੀ ਕੀਤੀ, ਜਿਸ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੇ ਮਾਮੂਲੀ ਸੱਟਾਂ ਲੱਗੀਆਂ।

ਇਸ ਤੋਂ ਪਹਿਲਾਂ ਅਥਾਰਿਟੀਜ਼ ਨੇ ਵੱਖਵਾਦੀਆਂ ਤੇ ਪਾਕਿਸਤਾਨ ਦੀ ਸਰਪ੍ਰਸਤੀ ਹਾਸਲ ਜਥੇਬੰਦੀਆਂ ਵੱਲੋਂ 5 ਅਗਸਤ ਨੂੰ ‘ਕਾਲੇ ਦਿਨ’ ਵਜੋਂ ਮਨਾਉਣ ਦੇ ਦਿੱਤੇ ਸੱਦੇ ਕਰਕੇ ਹਿੰਸਕ ਪ੍ਰਦਰਸ਼ਨਾਂ ਦਾ ਖ਼ਦਸ਼ਾ ਪ੍ਰਗਟਾਇਆ ਸੀ। ਇਹਤਿਆਤ ਵਜੋਂ ਵਾਦੀ ਦੇ ਚੱਪੇ ਚੱਪੇ ’ਤੇ ਪੁਲੀਸ ਤੇ ਸੀਆਰਪੀਐੱਫ ਦਾ ਵੱਡਾ ਅਮਲਾ ਤਾਇਨਾਤ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਵਾਦੀ ਵਿੱਚ ਅਮਨ ਭੰਗ ਕਰਨ ਦੀਆਂ ਵੱਖਵਾਦੀਆਂ ਦੀ ਕਿਸੇ ਵੀ ਯੋਜਨਾ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਕਾਬਿਲੇਗੌਰ ਹੈ ਕਿ ਅਥਾਰਿਟੀਜ਼ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਸ੍ਰੀਨਗਰ ਤੇ ਵਾਦੀ ਦੇ ਹੋਰਨਾਂ ਹਿੱਸਿਆਂ ਵਿੱਚ ਕਰਫਿਊ ਲਾਇਆ ਜਾ ਸਕਦਾ ਹੈ। ਅਥਾਰਿਟੀਜ਼ ਨੇ ਉਸ ਮੌਕੇ ਵੱਖਵਾਦੀਆਂ ਤੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਜਥੇਬੰਦੀਆਂ ਵੱਲੋਂ 5 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦੇ ਕੀਤੇ ਐਲਾਨ ਦੇ ਹਵਾਲੇ ਨਾਲ ਹਿੰਸਕ ਪ੍ਰਦਰਸ਼ਨਾਂ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪੁੱਜਣ ਦਾ ਖ਼ਦਸ਼ਾ ਪ੍ਰਗਟਾਇਆ ਸੀ।

ਚੌਧਰੀ ਨੇ ਕਿਹਾ ਕਿ ਵੱਡੇ ਪੱਧਰ ’ਤੇ ਲੋਕਾਂ ਦੇ ਇਕੱਠੇ ਹੋਣ ਨਾਲ ਕੋਵਿਡ ਨੂੰ ਠੱਲ੍ਹਣ ਲਈ ਹੁਣ ਤੱਕ ਕੀਤੇ ਯਤਨਾਂ ਨੂੰ ਨੁਕਸਾਨ ਪੁੱਜ ਸਕਦਾ ਹੈ। ਚੌਧਰੀ ਨੇ ਕਿਹਾ ਕਿ ਲੋਕਾਂ ਦੀ ਆਮਦੋਰਫ਼ਤ ਤੇ ਇਕੱਠੇ ਹੋਣ ’ਤੇ ਪਾਬੰਦੀ, ਲਾਗ ਨੂੰ ਫੈਲਣ ਤੋਂ ਰੋਕਣ ਤੇ ਖਾਸ ਕਰਕੇ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਲਾਈ ਗਈ ਹੈ। ਮੈਡੀਕਲ ਐਮਰਜੈਂਸੀ ਤੇ ਕੋਵਿਡ-19 ਡਿਊਟੀ ਵਿੱਚ ਲੱਗੇ ਸਟਾਫ਼ ਨੂੰ ਆਮਦੋਰਫ਼ਤ ’ਚ ਛੋਟ ਉਨ੍ਹਾਂ ਨੂੰ ਜਾਰੀ ਪਾਸ/ਵੈਧ ਕਾਰਡਾਂ ਤਹਿਤ ਪਹਿਲਾਂ ਵਾਂਗ ਜਾਰੀ ਰਹੇਗੀ। -ਪੀਟੀਆਈ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਨਵੀਂ ਦਿੱਲੀ: ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨੇ ਇਮਰਾਨ ਖ਼ਾਨ ਨੇ ਅੱਜ ਮੁਲਕ ਦਾ ਨਵਾਂ ਨਕਸ਼ਾ ਜਾਰੀ ਕੀਤਾ, ਜਿਸ ਵਿੱਚ ਮਕਬੂਜ਼ਾ ਕਸ਼ਮੀਰ ਨੂੰ ਆਪਣੇ ਹਿੱਸੇ ਵਜੋਂ ਵਿਖਾਇਆ ਗਿਆ ਹੈ। ਖ਼ਾਨ ਨੇ ਅੱਜ ਦੇ ਦਿਨ ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਕਿਹਾ ਕਿ ਨਵਾਂ ਨਕਸ਼ਾ ‘ਪਾਕਿਸਤਾਨ ਦੀ ਆਵਾਮ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕਰਦਾ ਹੈ।’ ਇਸ ਦੌਰਾਨ ਪਾਕਿਸਤਾਨ ਨੇ 5 ਅਗਸਤ ਨੂੰ ‘ਯੌਮ-ਏ-ਇਸਤੇਹਸਲ’ (ਸ਼ੋਸ਼ਣ ਦਿਵਸ) ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਮਰਾਨ ਖ਼ਾਨ ਸਰਕਾਰ ਕਸ਼ਮੀਰੀ ਲੋਕਾਂ ਨਾਲ ਇਕਜੁੁੱਟਤਾ ਦੇ ਪ੍ਰਗਟਾਵੇ ਵਜੋਂ ਰਾਜਧਾਨੀ ਇਸਲਾਮਾਬਾਦ ਵਿੱਚ ਆਪਣੇ ਮੁੱਖ ਕਸ਼ਮੀਰ ਸ਼ਾਹਰਾਹ ਦਾ ਨਾਮ ਬਦਲ ਕੇ ਸ੍ਰੀਨਗਰ ਸ਼ਾਹਰਾਹ ਰੱਖ ਦਿੱਤਾ ਹੈ। ਪਾਕਿਸਤਾਨ ਕੈਬਨਿਟ ਵੱਲੋਂ ਪ੍ਰਵਾਨਤ ਇਸ ਨਵੇਂ ਸਿਆਸੀ ਨਕਸ਼ੇ ਵਿੱਚ ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਅਤੇ ਲੱਦਾਖ ਦੇ ਇੱਕ ਹਿੱਸੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨ ਦੇ ਦਾਅਵਾ ਕੀਤਾ ਕਿ ਨਵੇਂ ਨਕਸ਼ੇ

ਵਿੱਚ ਦਰਸਾਏ ਇਲਾਕੇ ਉਸ ਦੇ ਆਪਣੇ ਹਨ। ਨਕਸ਼ੇ ਵਿੱਚ ਗੁਜਰਾਤ ਦੇ ਜੂਨਾਗੜ੍ਹ, ਮਾਨਾਵਡਾਰ ਤੇ ਸਰ ਕਰੀਕ ਨੂੰ ਵੀ ਪਾਕਿਸਤਾਨ ਦੇ ਹਿੱਸੇ ਵਜੋਂ ਦਰਸਾਇਆ ਗਿਆ ਹੈ। ਪਾਕਿਸਤਾਨ ਨੇ ਇਹ ਨਕਸ਼ਾ ਅਜਿਹੇ ਮੌਕੇ ਜਾਰੀ ਕੀਤਾ ਹੈ ਜਦੋਂ ਭਲਕੇ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤੇ 35ੲੇ ਤਹਿਤ ਮਿਲਿਆ ਵਿਸ਼ੇਸ਼ ਦਰਜਾ ਮਨਸੂਖ਼ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ ਹੈ। ਇਮਰਾਨ ਖ਼ਾਨ ਨੇ ਨਵਾਂ ਨਕਸ਼ਾ ਜਾਰੀ ਕਰਦਿਆਂ ਕਿਹਾ, ‘ਅੱਜ ਅਸੀਂ ਪੂਰੀ ਦੁਨੀਆ ਅੱਗੇ ਪਾਕਿਸਤਾਨ ਦਾ ਨਵਾਂ ਨਕਸ਼ਾ ਪੇਸ਼ ਕਰ ਰਹੇ ਹਾਂ, ਜਿਸ ਨੂੰ ਪਾਕਿਸਤਾਨ ਕੈਬਨਿਟ, ਵਿਰੋਧੀ ਧਿਰ ਤੇ ਕਸ਼ਮੀਰੀ ਲੀਡਰਸ਼ਿਪ ਦੀ ਹਮਾਇਤ ਹਾਸਲ ਹੈ। ਇਸ ਨਵੇਂ ਨਕਸ਼ੇ ਨਾਲ ਭਾਰਤ ਵੱਲੋਂ ਪਿਛਲੇ ਸਾਲ 5 ਅਗਸਤ ਨੂੰ ਕੀਤੀ ਗੈਰਕਾਨੂੰਨੀ ਪੇਸ਼ਕਦਮੀ ਰੱਦ ਹੋ ਜਾਵੇਗੀ। ਅੱਜ ਤੋਂ ਇਹੀ ਪਾਕਿਸਤਾਨ ਦਾ ਅਧਿਕਾਰਤ ਨਕਸ਼ਾ ਹੈ।’ ਕਾਬਿਲੇਗੌਰ ਹੈ ਕਿ ਪਾਕਿਸਤਾਨ ਹੁਣ ਤਕ ਅਧਿਕਾਰਤ ਤੌਰ ’ਤੇ ਮਕਬੂਜ਼ਾ ਕਸ਼ਮੀਰ ਅਧੀਨ ਆਉਂਦੇ ਸਾਰੇ ਇਲਾਕਿਆਂ ਨੂੰ ਅਾਪਣਾ ਦੱਸਣ ਤੋਂ ਝਿਜਕਦਾ ਰਿਹਾ ਹੈ। ਗਿਲਗਿਤ ਬਾਲਟਿਸਤਾਨ ਨੂੰ ਉਹ ਆਪਣਾ ਇਲਾਕਾ ਤੇ ਬਾਕੀ ਬਚਦੇ ਨੂੰ ‘ਆਜ਼ਾਦ ਕਸ਼ਮੀਰ’ ਦੱਸਦਾ ਆਇਆ ਹੈ। -ਏਜੰਸੀਆਂ

ਪਾਕਿਸਤਾਨ ਦੇ ਬੇਤੁਕੇ ਦਾਅਵਿਆਂ ਦੀ ਕੋਈ ਕਾਨੂੰਨੀ ਵੈਧਤਾ ਨਹੀਂ: ਭਾਰਤ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਵੱਲੋੋਂ ਨਵਾਂ ਸਿਆਸੀ ਨਕਸ਼ਾ ਜਾਰੀ ਕੀਤੇ ਜਾਣ ਦੀ ਪੂਰੀ ਮਸ਼ਕ ਨੂੰ ‘ਸਿਆਸੀ ਤੌਰ ’ਤੇ ਬੇਮਾਇਨੇ’ ਦੱਸਿਆ ਹੈ। ਭਾਰਤ ਨੇ ਸਾਫ਼ ਕਰ ਦਿੱਤਾ ਕਿ ਇਨ੍ਹਾਂ ‘ਹਾਸੋਹੀਣੇ/ਬੇਤੁਕੇ ਦਾਅਵਿਆਂ’ ਦੀ ਨਾ ਤਾਂ ਕੋਈ ਕਾਨੂੰਨੀ ਵੈਧਤਾ ਹੈ ਤੇ ਨਾ ਹੀ ਕੌਮਾਂਤਰੀ ਪੱਧਰ ’ਤੇ ਕੋਈ ਭਰੋਸੇਯੋਗਤਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਜਾਰੀ ਇਸ ਤਥਾ ਕਥਿਤ ‘ਸਿਆਸੀ ਨਕਸ਼ੇ’ ਨੂੰ ਵੇਖਿਆ ਹੈ। ਭਾਰਤੀ ਸੂਬੇ ਗੁਜਰਾਤ ਤੇ ਸਾਡੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਦੇ ਇਲਾਕਿਆਂ ਨੂੰ ਆਪਣਾ ਦੱਸਣ ਦੀ ਇਹ ਪੂਰੀ ਮਸ਼ਕ ਸਿਆਸੀ ਤੌਰ ’ਤੇ ਬੇਮਾਇਨੇ ਹੈ।’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All