ਸੰਯੁਕਤ ਰਾਸ਼ਟਰ, 22 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਆਪਕ ਸੁਧਾਰਾਂ ਦੀ ਘਾਟ ਕਾਰਨ ਸੰਯੁਕਤ ਰਾਸ਼ਟਰ ’ਤੇ ਭਰੋਸੇ ਦੀ ਘਾਟ ਦਾ ਸੰਕਟ ਮੰਡਰਾ ਰਿਹਾ ਹੈ। ਊਨ੍ਹਾਂ ਬਹੁਪੱਖੀ ਢਾਂਚੇ ਵਿਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਸਥਿਤੀਆਂ ਦੇ ਮੱਦੇਨਜ਼ਰ ਹਰ ਇਕ ਧਿਰ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਤੇ ਇਹ ਮਨੁੱਖੀ ਕਲਿਆਣ ਆਧਾਰਿਤ ਹੋਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਸੱਦੀ ਗਈ ਮਹਾਂਸਭਾ ਦੀ ਊਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਕਿਹਾ ਕਿ ਪੁਰਾਣੇ ਢੰਗਾਂ ਨਾਲ ਅਜੋਕੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ ਜਿਸ ਕਾਰਨ ਕਈ ਸੰਕਟ ਦਰਪੇਸ਼ ਹਨ। ਵੀਡੀਓ ਕਾਨਫਰੰਸ ਜ਼ਰੀਏ ਮੋਦੀ ਨੇ ਬਹੁਪੱਖੀ ਸੁਧਾਰਾਂ ਦੀ ਮੰਗ ਊਸ ਵੇਲੇ ਕੀਤੀ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਭਾਰਤ ਚੁਣੇ ਹੋਏ ਅਸਥਾਈ ਮੈਂਬਰ ਵਜੋਂ ਆਪਣਾ ਕਾਰਜਕਾਲ 1 ਜਨਵਰੀ 2021 ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਅਜੋਕੇ ਸਮੇਂ ਮਨੁੱਖੀ ਕਲਿਆਣਕਾਰੀ ਯੋਜਨਾਵਾਂ ਊਲੀਕਣੀਆਂ ਚਾਹੀਦੀਆਂ ਹਨ ਤੇ ਭਾਰਤ ਇਸ ਦਿਸ਼ਾ ਵਿਚ ਹੋਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ ਤੇ ਭਾਰਤ ਸੁਰੱਖਿਆ ਪਰਿਸ਼ਦ ਵਿਚ ਸੁਧਾਰ ਲਈ ਦਹਾਕਿਆਂ ਤੋਂ ਕੀਤੇ ਜਾ ਰਹੇ ਕੰਮਾਂ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਊਨ੍ਹਾਂ ਕਿਹਾ ਕਿ ਸਾਲ 1945 ਦਾ ਢਾਂਚਾ ਆਧੁਨਿਕ ਸਮੇਂ ਅਨੁਸਾਰ ਨਹੀਂ ਹੈ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਮੁਹਿੰਮਾਂ ਵਿਚ ਯੋਗਦਾਨ ਪਾਊਣ ਵਾਲੇ ਫੌਜੀਆਂ ਨੂੰ ਵੀ ਯਾਦ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਛੇ ਦਹਾਕਿਆਂ ਵਿਚ ਸੰਯੁਕਤ ਰਾਸ਼ਟਰ ਦੇ 71 ਵਿਚੋਂ 50 ਸ਼ਾਂਤੀ ਮਿਸ਼ਨਾਂ ਵਿਚ ਆਪਣੇ ਵੀਹ ਹਜ਼ਾਰ ਫੌਜੀ ਭੇਜੇ ਹਨ ਤੇ ਇਸ ਮਿਸ਼ਨ ਵਿਚ ਸਭ ਤੋਂ ਵੱਧ ਫੌਜੀ ਭਾਰਤ ਦੇ ਹੀ ਸ਼ਹੀਦ ਹੋਏ ਹਨ। ਸ੍ਰੀ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਕਾਰਨ ਹੀ ਭਾਰਤ ਅੱਜ ਬਿਹਤਰ ਸਥਿਤੀ ਵਿਚ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰੀ ਲਈ ਭਾਰਤ ਨੂੰ ਪੰਜ ਸਥਾਈ ਦੇਸ਼ਾਂ ਵਿਚੋਂ ਚਾਰ ਅਮਰੀਕਾ, ਬਰਤਾਨੀਆ, ਫਰਾਂਸ ਤੇ ਰੂਸ ਦਾ ਪੂਰਾ ਸਮਰਥਨ ਹੈ। -ਪੀਟੀਆਈ
ਪ੍ਰਧਾਨ ਮੰਤਰੀ ਆਈਆਈਟੀ ਵਿਦਿਆਰਥੀਆਂ ਦੇ ਰੂਬਰੂ ਹੋਏ
ਗੁਹਾਟੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਵਲੋਂ ਲਿਆਂਦੀ ਗਈ ਨਵੀਂ ਸਿੱਖਿਆ ਨੀਤੀ ਭਾਰਤ ਨੂੰ ਆਤਮਨਿਰਭਰ ਬਣਾਊਣ ਵਿਚ ਮੁੱਖ ਭੂਮਿਕਾ ਅਦਾ ਕਰੇਗੀ। ਇਸ ਦਾ ਮੰਤਵ ਭਾਰਤੀ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ’ਤੇ ਮੌਕੇ ਮੁਹੱਈਆ ਕਰਵਾਊਣਾ ਹੈ। ਇਹ ਵਿਚਾਰ ਪ੍ਰਧਾਨ ਮੰਤਰੀ ਮੋਦੀ ਨੇ ਆਈਆਈਟੀ ਗੁਹਾਟੀ ਦੇ 22ਵੀਂ ਡਿਗਰੀ ਵੰਡ ਸਮਾਰੋਹ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਪ੍ਰਗਟਾਏ। ਊਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਲਈ ਸਿੱਖਿਆ ਦਾ ਖਾਸ ਮਹੱਤਵ ਹੈ ਤੇ ਸੰਪੂਰਨ ਗਿਆਨ ਤੇ ਵਿਗਿਆਨ ਦੀ ਸਮਝ ਨਾਲ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ। ਊਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ ਨੂੰ ਜਮਾਤ ਵਿਚ ਪੜ੍ਹਾਊਣ ਤੇ ਪ੍ਰੀਖਿਆਵਾਂ ਦੇ ਬੋਝ ਤੋਂ ਮੁਕਤ ਕਰੇਗੀ। ਇਸ ਨੀਤੀ ਨਾਲ ਵਿਦੇਸ਼ੀ ਯੂਨੀਵਰਸਿਟੀਆਂ ਦੇ ਭਾਰਤ ਵਿਚ ਸੈਂਟਰ ਖੋਲ੍ਹੇ ਜਾਣਗੇ ਤੇ ਭਾਰਤੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਨ ਦਾ ਮੌਕਾ ਮਿਲੇਗਾ। -ਪੀਟੀਆਈ
ਪਾਕਿਸਤਾਨ ਅਤਿਵਾਦ ਦਾ ਧੁਰਾ: ਵਿਦਿਸ਼ਾ ਮੈਤਰਾ
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲੀ ਸਕੱਤਰ ਵਿਦਿਸ਼ਾ ਮੈਤਰਾ ਨੇ ਅੱਜ ਪਾਕਿਸਤਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਅੱਜ ਜੇ ਕੋਈ ਅਧੂਰਾ ਏਜੰਡਾ ਹੈ ਤਾਂ ਊਹ ਅਤਿਵਾਦ ਨਾਲ ਤੇ ਅਜਿਹੇ ਦੇਸ਼ ਨਾਲ ਨਿਪਟਣਾ ਹੈ ਜੋ ਵਿਸ਼ਵ ਪੱਧਰ ’ਤੇ ਅਤਿਵਾਦ ਦਾ ਕੇਂਦਰ ਹੈ। ਇਹ ਦੇਸ਼ ਅਤਿਵਾਦੀਆਂ ਨੂੰ ਸਿਖਲਾਈ ਦਿੰਦਾ ਹੈ ਤੇ ਊਨ੍ਹਾਂ ਖਾਸ ਕਰ ਊਸਾਮਾ ਬਿਨ ਲਾਦਿਨ ਦੀ ਤੁਲਨਾ ਸ਼ਹੀਦਾਂ ਨਾਲ ਕਰਦਾ ਹੈ। ਊਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸੰਸਦ ਵਿਚ ਲਾਦਿਨ ਨੂੰ ਸ਼ਹੀਦ ਦੱਸਣ ਦੀ ਨਿਖੇਧੀ ਕੀਤੀ।