ਨਵੀਂ ਦਿੱਲੀ, 28 ਸਤੰਬਰ
ਭਾਰਤ ਵਿਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 60 ਲੱਖ ਤੋਂ ਪਾਰ ਹੋ ਗਈ ਹੈ। ਚੌਵੀ ਘੰਟਿਆਂ ਦੌਰਾਨ 82,170 ਨਵੇਂ ਕੇਸ ਆਏ ਹਨ। ਤੰਦਰੁਸਤ ਹੋਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ 50.17 ਲੱਖ ਤੋਂ ਵੱਧ ਗਈ ਹੈ। ਇਕ ਦਿਨ ਵਿਚ 74,893 ਹੋਰ ਲੋਕ ਵਾਇਰਸ ਤੋਂ ਉੱਭਰੇ ਹਨ। ਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 95,542 ਹੋ ਗਈ ਹੈ। ਲੰਘੇ 24 ਘੰਟਿਆਂ ਦੌਰਾਨ 1039 ਹੋਰ ਮੌਤਾਂ ਹੋਈਆਂ ਹਨ। ਦੇਸ਼ ਵਿਚ ਇਸ ਵੇਲੇ ਕੋਵਿਡ ਦੇ 9,62,640 ਐਕਟਿਵ ਕੇਸ ਹਨ। ਕਰੋਨਾ ਦੇ ਹੁਣ ਤੱਕ ਕੁੱਲ 60,74,702 ਕੇਸ ਸਾਹਮਣੇ ਆ ਚੁੱਕੇ ਹਨ ਜਦਕਿ ਕੁੱਲ 50,16,520 ਲੋਕ ਠੀਕ ਵੀ ਹੋ ਚੁੱਕੇ ਹਨ। ਇਸ ਤਰ੍ਹਾਂ ਰਿਕਵਰੀ ਦਰ 82.58 ਪ੍ਰਤੀਸ਼ਤ ਹੋ ਚੁੱਕੀ ਹੈ। ਕੋਵਿਡ ਕਾਰਨ ਮੌਤ ਦਰ ਵੀ ਘੱਟ ਕੇ 1.57 ਫ਼ੀਸਦ ਰਹਿ ਗਈ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਮੁਤਾਬਕ ਹੁਣ ਤੱਕ 7.20 ਕਰੋੜ ਲੋਕਾਂ ਦੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਐਤਵਾਰ ਨੂੰ 7 ਲੱਖ ਤੋਂ ਵੱਧ ਟੈਸਟ ਕੀਤੇ ਗਏ ਹਨ। ਸਿਹਤ ਮੰਤਰਾਲੇ ਨੇ ਅੱਜ ਇਕ ਪੋਰਟਲ ਲਾਂਚ ਕੀਤਾ ਹੈ ਜਿਸ ਰਾਹੀਂ ਕੋਵਿਡ-19 ਟੀਕੇ ਦੇ ਵਿਕਾਸ ਤੇ ਟਰਾਇਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਖੇਤਰ ਵਿਚ ਘਰੇਲੂ ਅਤੇ ਆਲਮੀ ਪੱਧਰ ’ਤੇ ਹੋ ਰਹੀਆਂ ਕੋਸ਼ਿਸ਼ਾਂ ਨੂੰ ਵੀ ਸਾਂਝਾ ਕੀਤਾ ਜਾਵੇਗਾ। -ਪੀਟੀਆਈ