ਨਵੀਂ ਦਿੱਲੀ, 16 ਜੂਨ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੁਝ ਸੋਸ਼ਲ ਮੀਡੀਆ ਰਿਪੋਰਟਾਂ ਨੇ ਕੋਵੈਕਸੀਨ ਬਾਰੇ ਤੱਥਾਂ ਨੂੰ ‘ਤੋੜ ਮਰੋੜ ਕੇ ਅਤੇ ਗਲਤ ਢੰਗ’ ਨਾਲ ਪੇਸ਼ ਕੀਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਵਿਕਸਤ ਕਰੋਨਾ ਤੋਂ ਬਚਾਅ ਦੇ ਟੀਕੇ ਕੋਵੈਕਸੀਨ ਨੂੰ ਤਿਆਰ ਕਰਨ ’ਚ ਨਵਜੰਮੇ ਵੱਛੇ ਦੇ ਖੂਨ (ਸੀਰਮ) ਦੀ ਵਰਤੋਂ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਨਵਜੰਮੇ ਵੱਛੇ ਦੇ ਖੂਨ ਦੀ ਵਰਤੋਂ ਸਿਰਫ਼ ਵੇਰੋ ਸੈੱਲਜ਼ ਤਿਆਰ ਕਰਨ ਅਤੇ ਉਸ ਦੇ ਵਿਕਾਸ ਲਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਛਿਆਂ ਅਤੇ ਹੋਰ ਜਾਨਵਰਾਂ ਦਾ ਸੀਰਮ ਵੇਰੋ ਸੈੱਲ ਦੇ ਵਿਕਾਸ ਲਈ ਆਲਮੀ ਤੌਰ ’ਤੇ ਵਰਤਿਆ ਜਾਂਦਾ ਹੈ। ਵੇਰੋ ਸੈੱਲਜ਼ ਦੀ ਵਰਤੋਂ ਅਜਿਹੇ ਸੈੱਲ ਬਣਾਉਣ ’ਚ ਕੀਤੀ ਜਾਂਦੀ ਹੈ ਜੋ ਟੀਕੇ ਦੇ ਉਤਪਾਦਨ ’ਚ ਸਹਾਇਕ ਹੁੰਦੀ ਹੈ। ਪੋਲੀਓ, ਰੇਬੀਜ਼ ਅਤੇ ਇਨਫਲੂਐਂਜ਼ਾ ਦੇ ਟੀਕੇ ਬਣਾਉਣ ਲਈ ਇਸ ਤਕਨੀਕ ਦੀ ਦਹਾਕਿਆਂ ਤੋਂ ਵਰਤੋਂ ਹੁੰਦੀ ਆ ਰਹੀ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਟੀਕਾ ਬਣਾਉਣ ਲਈ ਵੱਛੇ ਦੇ ਸੀਰਮ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਜਾਂਦੀ ਹੈ। –ਏਜੰਸੀ