ਨਵੀਂ ਦਿੱਲੀ, 2 ਜੁਲਾਈ
ਦਿੱਲੀ ਦੀ ਅਦਾਲਤ ਨੇ ਅੱਜ ਆਲਟ ਨਿਊਜ਼ ਦੇ ਸਹਿ-ਬਾਨੀ ਮੁਹੰਮਦ ਜ਼ੁਬੈਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਤੇ ਮੁਲਜ਼ਮ ਖ਼ਿਲਾਫ਼ ਅਪਰਾਧਾਂ ਦੀ ਪ੍ਰਕਿਰਤੀ ਤੇ ਗੰਭੀਰਤਾ ਅਤੇ ਜਾਂਚ ਦੇ ਮੁੱਢਲੇ ਦੌਰ ’ਚ ਹੋਣ ਦਾ ਹਵਾਲਾ ਦਿੰਦਿਆਂ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੇਰ ਸ਼ਾਮ ਅਦਾਲਤ ਦੇ ਮੁੜ ਬੈਠਣ ਤੋਂ ਬਾਅਦ ਮੁੱਖ ਮੈਟਰੋਪੋਲਿਟਨ ਜੱਜ ਸਨਿਗਧਾ ਸਰਵਰੀਆ ਨੇ ਇਹ ਫ਼ੈਸਲਾ ਸੁਣਾਇਆ। ਇਸ ਤੋਂ ਪਹਿਲਾਂ ਦਿਨੇ ਮਾਮਲੇ ਦੀ ਸੁਣਵਾਈ ਕਰਦਿਆਂ ਜੱਜ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਪਰ ਪੁਲੀਸ ਇਸ ਸਬੰਧੀ ਸੂਚਨਾ ਪਹਿਲਾਂ ਹੀ ਜਾਰੀ ਕਰ ਦਿੱਤੀ। ਬਾਅਦ ਵਿੱਚ ਪੁਲੀਸ ਨੇ ਗਲਤ ਸੂਚਨਾ ਜਾਰੀ ਹੋਣ ਸਬੰਧੀ ਆਪਣੀ ਗਲਤੀ ਮੰਨ ਲਈ। -ਏਜੰਸੀ