ਨਵੀਂ ਦਿੱਲੀ, 3 ਸਤੰਬਰ
ਦੇਸ਼ ’ਚ ਕਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਲੇ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਕਰੋਨਾ ਦੇ 83,883 ਨਵੇਂ ਕੇਸ ਆਏ। ਕਰੋਨਾਵਾਇਰਸ ਪੀੜਤਾਂ ਦੀ ਕੁੱਲ ਗਿਣਤੀ 38,53,406 ਹੋ ਗਈ ਹੈ। ਉਂਜ 29,70,492 ਵਿਅਕਤੀ ਠੀਕ ਹੋ ਚੁੱਕੇ ਹਨ ਜਿਸ ਨਾਲ ਰਿਕਵਰੀ ਦਰ ਵੱਧ ਕੇ 77.09 ਫ਼ੀਸਦ ’ਤੇ ਪਹੁੰਚ ਗਈ ਹੈ।
ਇਕ ਦਿਨ ’ਚ 1,043 ਵਿਅਕਤੀਆਂ ਦੀ ਮੌਤ ਨਾਲ ਮੌਤਾਂ ਦਾ ਅੰਕੜਾ 67,376 ’ਤੇ ਪਹੁੰਚ ਗਿਆ ਹੈ। ਲਾਗ ਕਾਰਨ ਮੌਤ ਦਰ ’ਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਇਹ 1.75 ਫ਼ੀਸਦ ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ ’ਚ ਲਾਗ ਦੇ ਕੁੱਲ 8,15,538 ਸਰਗਰਮ ਕੇਸ ਹਨ। ਕਰੋਨਾਵਾਇਰਸ ਪੀੜਤਾਂ ਦਾ ਅੰਕੜਾ 7 ਅਗਸਤ ਨੂੰ 20 ਲੱਖ ਤੋਂ ਪਾਰ ਹੋ ਗਿਆ ਸੀ ਅਤੇ ਅਗਲੇ 16 ਦਿਨਾਂ ’ਚ ਇਹ 30 ਲੱਖ ਤੋਂ ਪਾਰ ਹੋ ਗਿਆ ਸੀ। -ਪੀਟੀਆਈ
ਪੰਜਾਬ ’ਚ 73 ਮੌਤਾਂ ਅਤੇ 1527 ਨਵੇਂ ਕੇਸ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਇੱਕ ਦਿਨ ਵਿੱਚ 73 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੂਬੇ ’ਚ ਮ੍ਰਿਤਕਾਂ ਦਾ ਅੰਕੜਾ ਵੱਧ ਕੇ 1690 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 18 ਮੌਤਾਂ ਲੁਧਿਆਣਾ ’ਚ ਹੋਈਆਂ ਹਨ। ਇਸੇ ਤਰ੍ਹਾਂ ਕਪੂਰਥਲਾ ’ਚ 10, ਜਲੰਧਰ ’ਚ 7, ਫਿਰੋਜ਼ਪੁਰ, ਮੋਗਾ, ਪਟਿਆਲਾ ’ਚ 5-5, ਅੰਮ੍ਰਿਤਸਰ ’ਚ 4, ਰੋਪੜ ’ਚ 3, ਫਤਿਹਗੜ੍ਹ ਸਾਹਿਬ, ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸੰਗਰੂਰ ’ਚ 2-2, ਬਠਿੰਡਾ, ਫਾਜ਼ਿਲਕਾ, ਮੁਕਤਸਰ, ਨਵਾਂਸ਼ਹਿਰ, ਤਰਨ ਤਾਰਨ ਅਤੇ ਮੁਹਾਲੀ ’ਚ ਇੱਕ-ਇੱਕ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ। ਸੂਬੇ ਵਿੱਚ ਹੁਣ ਤੱਕ 11,21,016 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 58,515 ਪਾਜ਼ੇਟਿਵ ਪਾਏ ਗਏ ਹਨ ਜਦਕਿ 41,271 ਵਿਅਕਤੀਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 15,554 ਸਰਗਰਮ ਕੇਸ ਹਨ। ਸਿਹਤ ਵਿਭਾਗ ਅਨੁਸਾਰ ਇਕ ਦਿਨ ’ਚ 1527 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।