ਨਵੀਂ ਦਿੱਲੀ, 10 ਜੁਲਾਈ
ਭਾਰਤ ’ਚ ਅੱਜ ਇੱਕੋ ਦਿਨ ਕੋਵਿਡ-19 ਦੇ ਰਿਕਾਰਡ 26,506 ਕੇਸ ਆਉਣ ਨਾਲ ਮਰੀਜ਼ਾਂ ਦੀ ਗਿਣਤੀ 8 ਲੱਖ ਦੇ ਨੇੜੇ ਪੁਹੰਚ ਗਈ ਹੈ ਅਤੇ ਦੇਸ਼ ’ਚ ਕੁੱਲ ਕੇਸਾਂ ਦੀ ਗਿਣਤੀ 7,93,802 ਹੋ ਗਈ। ਜਦਕਿ 475 ਨਵੀਆਂ ਮੌਤਾਂ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 21,604 ਹੋ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ 4,95,512 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ ਅਤੇ ਦੇਸ਼ ਵਿੱਚ 2,76,685 ਸਰਗਰਮ ਕੇਸ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 62.42 ਫ਼ੀਸਦੀ ਮਰੀਜ਼ ਠੀਕ ਹੋਏ ਹਨ। ਕੁੱਲ ਕੇਸਾਂ ਵਿੱਚ ਵਿਦੇਸ਼ੀ ਵੀ ਸ਼ਾਮਲ ਹਨ।
ਇਸੇ ਦੌਰਾਨ ਸਿਹਤ ਮੰਤਰਾਲੇ ਨੇ ਦੱਸਿਆ ਕਿ ਕਰੋਨਾ ਲਾਗ ਕਾਰਨ ਪਾਬੰਦੀਆਂ ਤੇ ਤਾਲਾਬੰਦੀ ਦੌਰਾਨ ਵੀ ਕੇਂਦਰ ਸਰਕਾਰ ਦੀ ਅਯੂਸ਼ਮਾਨ ਭਾਰਤ ਸਕੀਮ ਤਹਿਤ ਸਥਾਪਤ 41 ਹਜ਼ਾਰ ਹੈੱਲਥ ਐਂਡ ਵੈੱਲਨੈੱਸ ਸੈਂਟਰਾਂ (ਐੱਚ.ਡਬਲਯੂ.ਸੀ.) ’ਤੇ 1 ਫਰਵਰੀ ਤੋਂ ਹੁਣ ਤੱਕ 8.8 ਕਰੋੜ ਮਰੀਜ਼ਾਂ ਨੇ ਪਹੁੰਚ ਕੀਤੀ ਜਿਸ ਵਿੱਚ ਗੰਭੀਰ ਬਿਮਾਰੀਆਂ ਨਾਲ ਸਬੰਧਤ ਮਰੀਜ਼ ਵੀ ਸ਼ਾਮਲ ਹਨ। ਇਹ ਪਿਛਲੇ 21 ਮਹੀਨਿਆਂ 14 ਅਪਰੈਲ 2018 ਤੋਂ 31 ਜਨਵਰੀ 2020 ਤੱਕ ਸੈਂਟਰਾਂ ’ਤੇ ਆਏ ਮਰੀਜ਼ਾਂ ਦੀ ਗਿਣਤੀ ਦੇ ਲੱਗਪਗ ਬਰਾਬਰ ਹੈ।
ਨਾਂਦੇੜ ਜ਼ਿਲ੍ਹੇ ’ਚ ਭਲਕ ਤੋਂ ਕਰਫਿਊ
ਔਰੰਗਾਬਾਦ: ਕਰੋਨਾ ਲਾਗ ਦੇ ਵਾਧੇ ਨੂੰ ਰੋਕਣ ਲਈ ਮਹਾਰਸ਼ਟਰ ਦੇ ਨਾਂਦੇੜ ਜ਼ਿਲ੍ਹੇ ’ਚ 12 ਤੋਂ 20 ਜੁਲਾਈ ਤੱਕ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ। ਇੱਥੇ ਜਾਰੀ ਇੱਕ ਅਧਿਕਾਰਤ ਬਿਆਨ ’ਚ ਜ਼ਿਲ੍ਹਾ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਨਾਂਦੇੜ ਵਿੱਚ ਕਰਫਿਊ 12 ਜੁਲਾਈ ਨੂੰ ਰਾਤ 12 ਵਜੇ ਤੋਂ 20 ਜੁਲਾਈ ਰਾਤ 12 ਵਜੇ ਤੱਕ ਲਾਗੂੁ ਰਹੇਗਾ।
ਡੇਂਗੂ ਕਾਰਨ ਕਰੋਨਾ ਮਹਾਮਾਰੀ ਵਧਣ ਦਾ ਖ਼ਦਸ਼ਾ
ਨਵੀਂ ਦਿੱਲੀ: ਵਿਗਿਆਨੀਆਂ ਚਿੰਤਾ ਪ੍ਰਗਟਾਈ ਕਿ ਦੇਸ਼ ਵਿੱਚ ਮੌਨਸੂਨ ਮੌਸਮ ਦੌਰਾਨ ਡੇਂਗੂ ਕਾਰਨ ਕਰੋਨਾ ਮਹਾਮਾਰੀ ਦਾ ਕਹਿਰ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਮੱਛਰਾਂ ਕਾਰਨ ਫੈਲਣ ਵਾਲੇ ਰੋਗ ਡੇਂਗੂ ਦੇ ਲੱਛਣ ਕਰੋਨਾ ਲਾਗ ਦੇ ਲੱਛਣਾਂ ਨੂੰ ਲੁਕਾ ਸਕਦੇ ਹਨ ਅਤੇ ਚਿਤਾਵਨੀ ਦਿੱਤੀ ਕਿ ਦੇਸ਼ ਸਿਹਤ ਢਾਂਚਾ ਇਸ ਦੋਹਰੀ ਮਾਰ ਨੂੰ ਨਹੀਂ ਝੱਲ ਸਕੇਗਾ। ‘ਡੇਂਗੂ-ਕੋਵਿਡ-19’ ਸੀਜਨ ਦੇ ਪ੍ਰਭਾਵ ਕਾਰਨ ਦੋ ਵੱਖਰੇ ਟੈਸਟ ਕਰਨੇ ਪੈਣਗੇ ਅਤੇ ਇਸ ਨਾਲ ਇੱਕ ਵੱਡੀ ਗਿਣਤੀ ’ਚ ਮਰੀਜ਼ ਸਾਹਮਣੇ ਆਉਣਗੇ। ਐਮਿਟੀ ਯੂਨੀਵਰਸਿਟੀ ਕੋਲਕਾਤਾ ਦੇ ਵਿਗਿਆਨੀ ਧਰੁਬਜਯੋਤੀ ਚਟੋਪਾਧਿਆਏ ਨੇ ਚਿਤਾਵਨੀ ਦਿੱਤੀ ਕਿ ਹਰੇਕ ਰੋਗ ਦੇ ਲੱਛਣ ਇੱਕ ਦੂਜੇ ਨੂੰ ਗੁੰਝਲਦਾਰ ਜਾਂ ਸ਼ਾਇਦ ਹੋਰ ਖ਼ਤਰਨਾਕ ਬਣਾ ਸਕਦੇ ਹਨ। -ਪੀਟੀਆਈ