ਨਵੀਂ ਦਿੱਲੀ, 15 ਅਪਰੈਲ
ਭਾਰਤ ਵਿਚ ਕਰੋਨਾਵਾਇਰਸ ਦੇ ਇਕ ਦਿਨ ਵਿਚ ਰਿਕਾਰਡ ਦੋ ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਮਹਾਮਾਰੀ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 14 ਲੱਖ ਤੋਂ ਪਾਰ ਪਹੁੰਚ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਹ ਨਵੇਂ ਕੇਸ ਆਉਣ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1,40,74,564 ’ਤੇ ਪਹੁੰਚ ਗਈ ਹੈ। ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ਵਿਚ ਕਰੋਨਾਵਾਇਰਸ ਦੇ 2,00,739 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 1,038 ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਹੁਣ ਤੱਕ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 1,73,123 ਹੋ ਗਈ ਹੈ। ਲਾਗ ਦੇ ਕੇਸਾਂ ਵਿਚ ਲਗਾਤਾਰ 36ਵੇਂ ਦਿਨ ਵਾਧਾ ਹੋਇਆ ਹੈ। ਦੇਸ਼ ਵਿਚ ਇਲਾਜਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 14,71,877 ’ਤੇ ਪਹੁੰਚ ਗਈ ਹੈ ਜੋ ਕੁੱਲ ਕੇਸਾਂ ਦਾ 10.46 ਫ਼ੀਸਦ ਹੈ ਜਦੋਂਕਿ ਇਸ ਬਿਮਾਰੀ ਤੋਂ ਉੱਭਰ ਕੇ ਠੀਕ ਹੋਣ ਵਾਲੇ ਲੋਕਾਂ ਦੀ ਦਰ ਡਿੱਗ ਕੇ 88.31 ਫ਼ੀਸਦ ਰਹਿ ਗਈ ਹੈ। ਇਸ ਤੋਂ ਪਹਿਲਾਂ ਸਭ ਤੋਂ ਘੱਟ 1,35,926 ਜ਼ੇਰੇ ਇਲਾਜ ਮਰੀਜ਼ 12 ਫਰਵਰੀ ਨੂੰ ਸਨ ਅਤੇ ਸਭ ਤੋਂ ਵੱਧ 10,17,754 ਮਰੀਜ਼ 18 ਸਤੰਬਰ 2020 ਨੂੰ ਸਨ। ਇਸ ਬਿਮਾਰੀ ਤੋਂ ਉੱਭਰ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਕੇ 1,24,29,564 ਹੋ ਗਈ ਹੈ ਜਦੋਂਕਿ ਮੌਤ ਦੀ ਦਰ 1.23 ਫ਼ੀਸਦ ਹੈ। -ਪੀਟੀਆਈ