ਨਵੀਂ ਦਿੱਲੀ, 18 ਜਨਵਰੀ
ਮੁੱਖ ਅੰਸ਼
- ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੱਤਰ ਜਾਰੀ
ਦੇਸ਼ ਦੇ ਕਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕਰੋਨਾਵਾਇਰਸ ਦੀ ਟੈਸਟਿੰਗ ਘਟਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਅੱਜ ਕੇਂਦਰ ਨੇ ਕਿਹਾ ਕਿ ਟੈਸਟਿੰਗ ਵਧਾਈ ਜਾਵੇ ਤਾਂ ਜੋ ਮਹਾਮਾਰੀ ਖ਼ਿਲਾਫ਼ ਚੱਲ ਰਹੀ ਜੰਗ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖੀ ਜਾ ਸਕੇ ਤੇ ਲੋਕਾਂ ਦੀ ਜਾਨ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ।
ਰਾਜਾਂ ਤੇ ਯੂਟੀਜ਼ ਨੂੰ ਲਿਖੇ ਪੱਤਰ ’ਚ ਕੇਂਦਰੀ ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਅਤਰੀ ਆਹੂਜਾ ਨੇ ਸਲਾਹ ਦਿੱਤੀ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤੇ ਕੁਝ ਖਾਸ ਇਲਾਕਿਆਂ ’ਚ ਕੇਸਾਂ ਦੀ ਸਕਾਰਾਤਮਕ ਦਰ ਵਧਣ ਨੂੰ ਧਿਆਨ ’ਚ ਰਖਦਿਆਂ ਟੈਸਟਿੰਗ ’ਚ ਵਾਧਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ’ਚ ਇਸ ਸਮੇਂ ਓਮੀਕਰੋਨ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਪੱਤਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਰੋਨਾ ਖ਼ਿਲਾਫ਼ ਜੰਗ ’ਚ ਟੈਸਟਿੰਗ ਅਹਿਮ ਤੱਤ ਹੈ। ਉਨ੍ਹਾਂ ਕਿਹਾ, ‘ਹਾਲਾਂਕਿ ਆਈਸੀਐੱਮਆਰ ਪੋਰਟਲ ’ਤੇ ਮੁਹੱਈਆ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਕਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕਰੋਨਾ ਦੀ ਟੈਸਟਿੰਗ ਘਟੀ ਹੈ।’ ਉਨ੍ਹਾਂ ਕਿਹਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਵੱਲੋਂ 10 ਜਨਵਰੀ ਅਤੇ ਇਸ ਤੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਸਮੇਤ ਕਰੋਨਾ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਟੈਸਟਿੰਗ ਬੁਨਿਆਦੀ ਤੱਤ ਹੈ। ਇਸ ਲਈ ਵੱਧ ਤੋਂ ਵੱਧ ਟੈਸਟਿੰਗ ’ਤੇ ਜ਼ੋਰ ਿਦੱਤਾ ਜਾਵੇ।
ਇਸ ਨਾਲ ਨਵੇਂ ਕੇਸਾਂ ਦਾ ਜਲਦੀ ਪਤਾ ਲੱਗਦਾ ਹੈ ਤੇ ਨਾਲ ਹੀ ਵੱਧ ਜੋਖਮ ਵਾਲੀਆਂ ਥਾਵਾਂ ਨੂੰ ਕੰਟੇਨਮੈਂਟ ਜ਼ੋਨ ’ਚ ਤਬਦੀਲ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਕੇਂਦਰ ਸਿਹਤ ਮੰਤਰਾਲੇ ਨੇ ਕਰੋਨਾ ਮਰੀਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਦੋ-ਤਿੰਨ ਹਫ਼ਤੇ ਤੋਂ ਵੱਧ ਸਮਾਂ ਖੰਘ ਰਹਿੰਦੀ ਹੈ ਤਾਂ ਉਨ੍ਹਾਂ ਟੀਬੀ ਤੇ ਹੋਰ ਟੈਸਟ ਕਰਵਾਉਣੇ ਚਾਹੀਦੇ ਹਨ। ਇਸੇ ਦੌਰਾਨ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਇੱਕ ਇੰਜਨੀਅਰਿੰਗ ਕਾਲਜ ਦੇ 140 ਤੋਂ ਵੱਧ ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। -ਪੀਟੀਆਈ
ਪੰਜਾਬ ’ਚ ਕਰੋਨਾ ਦੇ 6641 ਨਵੇਂ ਕੇਸ, 26 ਮੌਤਾਂ
ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾਵਾਇਰਸ ਕਾਰਨ 24 ਘੰਟਿਆਂ ਦੌਰਾਨ 26 ਜਣਿਆਂ ਦੀ ਮੌਤ ਹੋ ਗਈ। ਇਸ ਤਰ੍ਹਾਂ ਕਰੋਨਾ ਮ੍ਰਿਤਕਾਂ ਦਾ ਕੁੱਲ ਅੰਕੜਾ 16,817 ਹੋ ਗਿਆ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਅੱਜ 6641 ਨਵੇਂ ਕੇਸ ਸਾਹਮਣੇ ਆਏ ਜਦੋਂਕਿ 5912 ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਸੂਬੇ ਵਿੱਚ ਇਸ ਸਮੇਂ 43,977 ਐਕਟਿਵ ਕੇਸ ਹਨ। ਕਰੋਨਾ ਨੇ ਅੱਜ ਪਟਿਆਲਾ ’ਚ ਸੱਤ, ਮੁਹਾਲੀ ਵਿੱਚ ਪੰਜ, ਫਿਰੋਜ਼ਪੁਰ ਤੇ ਲੁਧਿਆਣਾ ਵਿੱਚ ਤਿੰਨ-ਤਿੰਨ, ਹੁਸ਼ਿਆਰਪੁਰ ਤੇ ਜਲੰਧਰ ਵਿੱਚ ਦੋ-ਦੋ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਸੰਗਰੂਰ ਅਤੇ ਤਰਨਤਾਰਨ ਵਿੱਚ ਇੱਕ-ਇੱਕ ਦੀ ਜਾਨ ਲੈ ਲਈ। ਸਿਹਤ ਵਿਭਾਗ ਅਨੁਸਾਰ ਅੱਜ ਮੁਹਾਲੀ ’ਚ 1196, ਲੁਧਿਆਣਾ ’ਚ 914, ਜਲੰਧਰ ’ਚ 613, ਅੰਮ੍ਰਿਤਸਰ ’ਚ 612, ਬਠਿੰਡਾ ਤੇ ਪਟਿਆਲਾ ’ਚ 578-578, ਹੁਸ਼ਿਆਰਪੁਰ ’ਚ 508, ਫਿਰੋਜ਼ਪੁਰ ’ਚ 215, ਫਰੀਦਕੋਟ ’ਚ 178, ਤਰਨਤਾਰਨ ’ਚ 172, ਰੋਪੜ ’ਚ 155, ਫਤਿਹਗੜ੍ਹ ਸਾਹਿਬ ’ਚ 152, ਗੁਰਦਾਸਪੁਰ ’ਚ 150, ਕਪੂਰਥਲਾ ’ਚ 115, ਮਾਨਸਾ ’ਚ 81, ਫਾਜ਼ਿਲਕਾ, ਮੁਕਤਸਰ ’ਚ 79-79, ਪਠਾਨਕੋਟ ’ਚ 72, ਮੋਗਾ ’ਚ 58, ਨਵਾਂ ਸ਼ਹਿਰ ’ਚ 53, ਬਰਨਾਲਾ ’ਚ 51 ਅਤੇ ਸੰਗਰੂਰ ’ਚ 32 ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
ਕਰੋਨਾ ਦੇ 2.38 ਲੱਖ ਤੋਂ ਵੱਧ ਨਵੇਂ ਕੇਸ
ਭਾਰਤ ’ਚ ਇੱਕ ਦਿਨ ਅੰਦਰ ਕਰੋਨਾ ਦੇ 2,38,018 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਕਰੋਨ ਪੀੜਤਾਂ ਦੀ ਗਿਣਤੀ ਵੱਧ ਕੇ 3,76,18,271 ਹੋ ਗਈ ਹੈ। ਇਨ੍ਹਾਂ ’ਚ ‘ਓਮੀਕਰੋਨ’ ਦੇ 8891 ਕੇਸ ਵੀ ਸ਼ਾਮਲ ਹਨ। ਕੇਂਦਰ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਕਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 17, 36,628 ਹੋ ਗਈ ਹੈ ਜਦਕਿ 310 ਹੋਰ ਮੌਤਾਂ ਹੋਣ ਨਾਲ ਇਸ ਬਿਮਾਰੀ ਕਾਰਨ ਹੁਣ ਤੱਕ 4,86,761 ਮੌਤਾਂ ਹੋ ਚੁੱਕੀਆਂ ਹਨ। ਦੇਸ਼ ’ਚ ਹੁਣ ਤੱਕ 3,53,94,882 ਲੋਕ ਕਰੋਨਾ ਮਹਾਮਾਰੀ ਤੋਂ ਉੱਭਰ ਚੁੱਕੇ ਹਨ।