ਕਰੋਨਾ ਮਹਾਮਾਰੀ ਨੇ 16 ਕਰੋੜ ਲੋਕ ਗੁਰਬਤ ਵੱਲ ਧੱਕੇ

ਸਿਖਰਲੇ ਦਸ ਧਨਕੁਬੇਰਾਂ ਨੂੰ ਮਹਾਮਾਰੀ ਰਾਸ ਆਈ, ਰੋਜ਼ਾਨਾ 9,000 ਕਰੋੜ ਰੁਪਏ ਕਮਾਏ

ਕਰੋਨਾ ਮਹਾਮਾਰੀ ਨੇ 16 ਕਰੋੜ ਲੋਕ ਗੁਰਬਤ ਵੱਲ ਧੱਕੇ

ਨਵੀਂ ਦਿੱਲੀ/ਦਾਵੋਸ, 17 ਜਨਵਰੀ

ਮੁੱਖ ਅੰਸ਼

  • ਔਕਸਫੈਮ ਇੰਟਰਨੈਸ਼ਨਲ ਨੇ ਵਿਸ਼ਵ ਆਰਥਿਕ ਫੋਰਮ ਵਿੱਚ ਜਾਰੀ ਰਿਪੋਰਟ ’ਚ ਦਾਅਵਾ ਕੀਤਾ

ਔਕਸਫੈਮ ਇੰਟਰਨੈਸ਼ਨਲ ਵੱਲੋਂ ਕੀਤੇ ਸਰਵੇਖਣ ਦੀ ਰਿਪੋਰਟ ਨੂੰ ਮੰਨੀਏ ਤਾਂ ਪਿਛਲੇ ਦੋ ਸਾਲਾਂ ਵਿੱਚ ਕੋਵਿਡ-19 ਮਹਾਮਾਰੀ ਦੌਰਾਨ 99 ਫੀਸਦ ਮਨੁੱਖਾਂ ਦੀ ਆਮਦਨ ਵਿੱਚ ਨਿਘਾਰ ਆਇਆ ਹੈ ਜਦੋਂਕਿ 16 ਕਰੋੜ ਤੋਂ ਵੱਧ ਲੋਕ ਗੁਰਬਤ ਵਿੱਚ ਧੱਕੇ ਗ ਹਨ। ਹਾਲਾਂਕਿ ਵਿਸ਼ਵ ਦੇ ਸਿਖਰਲੇ ਦਸ ਧਨਕੁਬੇਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਕਰੋਨਾ ਮਹਾਮਾਰੀ ਪੂਰੀ ਤਰ੍ਹਾਂ ਰਾਸ ਆਈ ਹੈ। ਇਸੇ ਅਰਸੇ ਦੌਰਾਨ ਉਨ੍ਹਾਂ ਦੀ ਕਮਾਈ ਰੋਜ਼ਾਨਾ 1.3 ਅਰਬ ਅਮਰੀਕੀ ਡਾਲਰ (9000 ਕਰੋੜ ਰੁਪਏ) ਦੀ ਦਰ ਨਾਲ ਦੁੱਗਣੇ (ਤੋਂ ਵੀ ਵੱਧ) ਵਾਧੇ ਨਾਲ 1.5 ਖਰਬ ਅਮਰੀਕੀ ਡਾਲਰ (111 ਲੱਖ ਕਰੋੜ ਤੋਂ ਵੱਧ) ਨੂੰ ਪੁੱਜ ਗਈ। ਵਿਸ਼ਵ ਆਰਥਿਕ ਫੋਰਮ ਦੇ ਆਨਲਾਈਨ ਦਾਵੋਸ ਏਜੰਡਾ ਸਿਖਰ ਵਾਰਤਾ ਦੇ ਪਹਿਲੇ ਦਿਨ ਔਕਸਫੈਮ ਇੰਟਰਨੈਸ਼ਨਲ ਦੀ ‘ਨਾਬਰਾਬਰੀ ਮਾਰਦੀ ਹੈ’ ਸਿਰਲੇਖ ਵਾਲੀ ਰਿਪੋਰਟ ਮੁਤਾਬਕ ਨਾਬਰਾਬਰੀ ਕਰ ਕੇ ਰੋਜ਼ਾਨਾ ਘੱਟੋ-ਘੱਂਟ 21,000 ਲੋਕ ਮੌਤ ਦੇ ਮੂੰਹ ਪੈ ਰਹੇ ਹਨ ਜਾਂ ਫਿਰ ਹਰ ਚਾਰ ਸਕਿੰਟਾਂ ਵਿੱਚ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ। ਇਹ ਪੁਰਾਣੀਆਂ ਲੱਭਤਾਂ ਆਲਮੀ ਪੱਧਰ ’ਤੇ ਸਿਹਤ ਸੰਭਾਲ ਤੱਕ ਰਸਾਈ ਦੀ ਘਾਟ, ਲਿੰਗ ਅਧਾਰਿਤ ਹਿੰਸਾ, ਭੁੱਖ ਤੇ ਵਾਤਾਵਰਨ ਖਰਾਬੀ ਕਰਕੇ ਆਲਮੀ ਪੱਧਰ ’ਤੇ ਹੋਈਆਂ ਮੌਤਾਂ ਉੱਤੇ ਆਧਾਰਿਤ ਹੈ। ਰਿਪੋਰਟ ਮੁਤਾਬਕ ਮਹਾਮਾਰੀ ਦੇ ਪਹਿਲੇ ਦੋ ਸਾਲ ਵਿਸ਼ਵ ਦੇ ਸਭ ਤੋਂ ਅਮੀਰ ਦਸ ਵਿਅਕਤੀਆਂ ਨੂੰ ਖੂਬ ਰਾਸ ਆਏ ਹਨ। ਇਸ ਅਰਸੇ ਦੌਰਾਨ ਉਨ੍ਹਾਂ ਦੀ ਕਿਸਮਤ ਇਸ ਕਦਰ ਚਮਕੀ ਕਿ ਉਨ੍ਹਾਂ ਦੀ ਕਮਾਈ ਵਿੱਚ ਪ੍ਰਤੀ ਸਕਿੰਟ 15000 ਡਾਲਰ ਦਾ ਇਜ਼ਾਫਾ ਹੋਇਆ। ਜੇਕਰ ਇਨ੍ਹਾਂ ਦਸ ਧਨਕੁਬੇਰਾਂ ਦੀ ਭਲਕੇ 99.999 ਫੀਸਦ ਦੌਲਤ ਖੁੱਸ ਜਾਂਦੀ ਹੈ ਤਾਂ ਵੀ ਉਹ ਇਸ ਧਰਤੀ ’ਤੇ ਮੌਜੂਦ ਸਾਰੇ ਲੋਕਾਂ ਤੋਂ ਅਜੇ ਵੀ 99 ਫੀਸਦ ਅਮੀਰ ਰਹਿਣਗੇ। ਔਕਸਫੈਮ ਇੰਟਰਨੈਸ਼ਨਲ ਦੀ ਕਾਰਜਕਾਰੀ ਡਾਇਰੈਕਟਰ ਗੈਬਰੀਲਾ ਬੁਚਰ ਨੇ ਕਿਹਾ, ‘‘ਇਨ੍ਹਾਂ ਕੋਲ ਕੁੱਲ ਆਲਮ ਦੇ 3.1 ਅਰਬ ਸਭ ਤੋਂ ਗਰੀਬ ਲੋਕਾਂ ਦੇ ਮੁਕਾਬਲੇ 6 ਗੁਣਾਂ ਵਧ ਦੌਲਤ ਹੈ।’’ ਔਕਸਫੈਮ ਮੁਤਾਬਕ ਜਦੋਂ ਦਾ ਕੋਵਿਡ-19 ਸ਼ੁਰੂ ਹੋਇਆ ਹੈ, ਪਿਛਲੇ 14 ਮਹੀਨਿਆਂ ਵਿੱਚ ਅਰਬਪਤੀਆਂ ਦੀ ਦੌਲਤ ਵਧੀ ਹੀ ਹੈ। ਅਧਿਐਨ ਮੁਤਾਬਕ ਮਹਾਮਾਰੀ ਦੇ ਪਿਛਲੇ ਦੋ ਸਾਲਾਂ ਦੌਰਾਨ ਲਿੰਗ ਅਸਮਾਨਤਾ ਵਿਚਲੇ ਖੱਪਾ ਵੀ ਵਧਿਆ ਹੈ। ਸਾਲ 2020 ਵਿਚ ਔਰਤਾਂ ਨੂੰ ਕਮਾਈ ਦੇ ਰੂਪ ਵਿੱਚ 800 ਅਰਬ ਡਾਲਰਾਂ ਦਾ ਨੁਕਸਾਨ ਹੋਇਆ ਹੈ ਤੇ ਸਾਲ 2019 ਦੇ ਮੁਕਾਬਲੇ 1.3 ਕਰੋੜ ਔਰਤਾਂ ਕੋਲ ਹੀ ਕੰਮ ਰਹਿ ਗਿਆ ਹੈ। ਔਕਸਫੈਮ ਮੁਤਾਬਕ ਮੁਲਕਾਂ ਦਰਮਿਆਨ ਪਹਿਲੀ ਵਾਰ ਇਕ ਪੀੜ੍ਹੀ ’ਚ ਨਾਬਰਾਬਰੀ ਵਧਣ ਦੇ ਆਸਾਰ ਹਨ। ਵਿਕਾਸਸ਼ੀਲ ਮੁਲਕਾਂ ਨੂੰ ਲੋੜ ਮੁਤਾਬਕ ਵੈਕਸੀਨ ਤੋਂ ਵਾਂਝਾ ਰੱਖਿਆ ਗਿਆ ਤੇ ਇਹੀ ਵਜ੍ਹਾ ਹੈ ਕਿ ਰੱਜੇ ਪੁੱਜੇ ਮੁਲਕਾਂ ਦੇ ਮੁਕਾਬਲੇ ਵਿਕਾਸਸ਼ੀਲ ਮੁਲਕਾਂ ਵਿੱਚ ਕਰੋਨਾ ਕਰਕੇ ਮਰਨ ਵਾਲਿਆਂ ਦੇ ਵਿਅਕਤੀਆਂ ਦੀ ਗਿਣਤੀ ਲਗਪਗ ਦੁੱਗਣੀ ਸੀ। ਨਾਬਰਾਬਰੀ ਨੇ ਵਾਤਾਵਰਨ ਸੰਕਟ ਨੂੰ ਵੀ ਵੱਡੀ ਸੱਟ ਮਾਰੀ ਹੈ। ਔਕਸਫੈਮ ਨੇ ਸੱਦਾ ਦਿੱਤਾ ਕਿ ਵਿਸ਼ਵ ਦੇ ਸਿਖਰਲੇ ਦਸ ਧਨਕੁਬੇਰਾਂ ਤੋਂ ਟੈਕਸਾਂ ਦੇ ਰੂਪ ਵਿੱਚ ਕੀਤੇ ਜਾਣ ਵਾਲੀ ਅਰਬਾਂ ਰੁਪਏ ਦੀ ਕਮਾਈ ਨੂੰ ਕੁੱਲ ਆਲਮ ਦੀ ਸਿਹਤ ਸੰਭਾਲ ਤੇ ਸਮਾਜਿਕ ਸੁਰੱਖਿਆ, ਵਾਤਾਵਾਰਨ ਤਬਦੀਲੀ ਤੇ ਲਿੰਗ ਆਧਾਰਿਤ ਹਿੰਸਾ ਨੂੰ ਰੋਕਣ ਆਦਿ ’ਤੇ ਖਰਚਿਆ ਜਾਵੇ। ਜਥੇਬੰਦੀ ਨੇ ਸੁਝਾਅ ਦਿੱਤਾ ਕਿ ਜਿਨਸੀ ਤੇ ਨਸਲੀ ਕਾਨੂੰਨਾਂ ਨਾਲ ਸਿੱਝਿਆ ਜਾਵੇ ਤੇ ਅਜਿਹੇ ਸਾਰੇ ਕਾਨੂੰਨਾਂ ਦਾ ਭੋਗ ਪਾਇਆ ਜਾਵੇ, ਜੋ ਕਾਮਿਆਂ ਦੇ ਯੂਨੀਅਨ ਬਣਾਉਣ ਤੇ ਹੜਤਾਲ ਜਿਹੇ ਹੱਕਾਂ ਨੂੰ ਕਮਜ਼ੋਰ ਕਰਦੇ ਹਨ। -ਪੀਟੀਆਈ

ਇੰਗਲੈਂਡ ’ਚ ਕਰੋਨਾ ਕਰਕੇ ਬੰਗਲਾਦੇਸ਼ੀ ਪੰਜ ਗੁਣਾਂ ਵੱਧ ਮਰੇ

ਇੰਗਲੈਂਡ ਵਿੱਚ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕੋਵਿਡ-19 ਕਰਕੇ ਸਫ਼ੇਦ ਚਮੜੀ ਵਾਲੀ ਬਰਤਾਨਵੀ ਅਬਾਦੀ ਨਾਲੋਂ ਬੰਗਲਾਦੇਸ਼ੀ ਮੂਲ ਦੇ ਲੋਕ ਪੰਜ ਗੁਣਾਂ ਵਧ ਮਰੇ। ਇਸੇ ਤਰ੍ਹਾਂ ਬ੍ਰਾਜ਼ੀਲ ਵਿੱਚ ਕਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲੇ ਸਿਆਹਫਾਮ ਲੋਕਾਂ ਦੀ ਗਿਣਤੀ ਚਿੱਟੀ ਚਮੜੀ ਵਾਲਿਆਂ ਦੇ ਮੁਕਾਬਲੇ ਡੇਢ ਗੁਣਾ ਵਧ ਸੀ। ਅਮਰੀਕਾ ਵਿੱਚ ਵੀ 34 ਲੱਖ ਸਿਆਹਫਾਮ ਅੱਜ ਜਿਊਂਦੇ ਹੁੰਦੇ ਜੇਕਰ ਉਨ੍ਹਾਂ ਦੇ ਜਿਊਣ ਦੀ ਉਮੀਦ ਦਰ ਗੋਰਿਆਂ ਜਿੰਨੀ ਹੁੰਦੀ ਹੈ।

10 ਧਨਕੁਬੇਰਾਂ ਦੀ ਜਾਇਦਾਦ 25 ਸਾਲ ਤੱਕ ਹਰ ਬੱਚੇ ਨੂੰ ਸਿੱਖਿਆ ਦੇਣ ਲਈ ਕਾਫੀ

ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੇ ਅਰਬਪਤੀਆਂ ਦੀ ਕੁੱਲ ਸੰਪਤੀ ਵਧ ਕੇ ਦੁੱਗਣੀ ਨਾਲੋਂ ਵੀ ਵੱਧ ਹੋ ਗਈ ਅਤੇ ਦਸ ਸਭ ਤੋਂ ਅਮੀਰ ਲੋਕਾਂ ਦੀ ਸੰਪਤੀ 25 ਸਾਲ ਤੱਕ ਦੇਸ਼ ਦੇ ਹਰ ਬੱਚੇ ਨੂੰ ਸਕੂਲੀ ਸਿੱਖਿਆ ਤੇ ਉਚੇਰੀ ਸਿੱਖਿਆ ਦੇਣ ਲਈ ਕਾਫੀ ਹੈ। ਔਕਸਫੈਮ ਇੰਡੀਆ ਦੇ ਸਾਲਾਨਾ ‘ਅਸਮਾਨਤਾ’ ਸਰਵੇਖਣ ਵਿਚ ਕਿਹਾ ਗਿਆ ਕਿ ਜੇਕਰ ਸਭ ਤੋਂ ਅਮੀਰ 10 ਫੀਸਦ ਲੋਕਾਂ ’ਤੇ ਇਕ ਫੀਸਦ ਵਾਧੂ ਟੈਕਸ ਲਗਾ ਦਿੱਤਾ ਜਾਵੇ, ਤਾਂ ਦੇਸ਼ ਨੂੰ ਲਗਪਗ 17.7 ਲੱਖ ਵਾਧੂ ਆਕਸੀਜਨ ਸਿਲੰਡਰ ਮਿਲ ਸਕਦੇ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All