ਸਹਿਕਾਰੀ ਅਣਦੇਖੀ: ਲੋਕ ਨੁਮਾਇੰਦਿਆਂ ’ਤੇ ਅਫਸਰ ਭਾਰੂ
ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਉੱਚ ਅਫਸਰ ਕਿਵੇਂ ਚੁਣੇ ਹੋਏ ਨੁਮਾਇੰਦਿਆਂ ਨੂੰ ਟਿੱਚ ਜਾਣਦੇ ਹਨ, ਇਸ ਦੀ ਇਕ ਮਿਸਾਲ ਪੰਜਾਬ ਰਾਜ ਸਹਿਕਾਰੀ ਬੈਂਕ ਦੇ ‘ਬੋਰਡ ਆਫ ਡਾਇਰੈਕਟਰਜ਼’ (ਬੀ ਓ ਡੀ) ਦੇ ਫ਼ੈਸਲੇ ਤੋਂ ਮਿਲਦੀ ਹੈ। ਮਾਮਲਾ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਿਟਡ ਦੇ ਜਨਰਲ ਮੈਨੇਜਰ ਅਰਵਿੰਦਰਪਾਲ ਸਿੰਘ ਘੁੰਮਣ ਦਾ ਹੈ ਜਿਨ੍ਹਾਂ ਨੂੰ ਬੀ ਓ ਡੀ ਨੇ 28 ਅਗਸਤ 2024 ’ਚ ਮਤਾ ਪਾਸ ਕਰ ਕੇ ਰਿਵਰਟ ਕਰ ਕੇ ਡਿਪਟੀ ਜਨਰਲ ਮੈਨੇਜਰ ਬਣਾਏ ਜਾਣ ਦਾ ਫ਼ੈਸਲਾ ਹੋਇਆ ਸੀ।
ਬੋਰਡ ਦੀ 2 ਜਨਵਰੀ 2025 ਨੂੰ ਮੀਟਿੰਗ ਹੋਈ ਤਾਂ ਘੁੰਮਣ ਦੇ ਮਾਮਲੇ ’ਤੇ ਮੁੜ ਵਿਚਾਰ ਕਰਨ ਦਾ ਏਜੰਡਾ ਪੇਸ਼ ਹੋਇਆ ਪਰ ਮੀਟਿੰਗ ’ਚ ਪੁਰਾਣੇ ਫ਼ੈਸਲੇ ਨੂੰ ਹੀ ਕਾਇਮ ਰੱਖਿਆ ਗਿਆ। ਮੀਟਿੰਗ ’ਚ ਫ਼ੈਸਲਾ ਹੋਇਆ ਸੀ ਕਿ ਜਦੋਂ ਘੁੰਮਣ ਫ਼ਤਹਿਗੜ੍ਹ ਸਾਹਿਬ ਦੇ ਸਹਿਕਾਰੀ ਬੈਂਕ ਦੇ ਐੱਮ ਡੀ ਸੀ ਤਾਂ ਉਸ ਵਕਤ ਦਫ਼ਤਰ ਦੀ ਮੁਰੰਮਤ ’ਚ ਲੱਖਾਂ ਰੁਪਏ ਦਾ ਘੁਟਾਲਾ ਹੋਇਆ ਸੀ। 2017-18 ਦੀ ਆਡਿਟ ਰਿਪੋਰਟ ’ਚ 21.52 ਲੱਖ ਦੀਆਂ ਗੰਭੀਰ ਊਣਤਾਈਆਂ ਪਾਈਆਂ ਗਈਆਂ ਸਨ ਜਿਸ ’ਚ ਉਕਤ ਅਧਿਕਾਰੀ ਨੂੰ ਵੀ ਜ਼ਿੰਮੇਵਾਰ ਪਾਇਆ ਗਿਆ ਸੀ। ਸਹਿਕਾਰੀ ਬੈਂਕ ਦੇ ਡਾਇਰੈਕਟਰਾਂ ਦਾ ਕਹਿਣਾ ਹੈ ਕਿ ਕਈ ਪੜਤਾਲਾਂ ’ਚ ਘੁੰਮਣ ’ਤੇ ਉਂਗਲ ਉੱਠ ਚੁੱਕੀ ਹੈ ਅਤੇ ਇਸ ਦੇ ਬਾਵਜੂਦ ਇਸ ਅਧਿਕਾਰੀ ਨੂੰ ਮਈ 2023 ’ਚ ਬਤੌਰ ਜਨਰਲ ਮੈਨੇਜਰ ਤਰੱਕੀ ਦਿੱਤੀ ਗਈ। ਇਸ ਅਧਿਕਾਰੀ ਦੇ ਪਰਖ ਕਾਲ ਦੇ ਸਮੇਂ ’ਤੇ ਬੋਰਡ ਨੇ ਦੋ ਮੀਟਿੰਗਾਂ ’ਚ ਇਸ ਅਧਿਕਾਰੀ ਨੂੰ ਰਿਵਰਟ ਕਰਨ ਦਾ ਫ਼ੈਸਲਾ ਕੀਤਾ। ਡਾਇਰੈਕਟਰ ਆਖਦੇ ਹਨ ਕਿ ਉਨ੍ਹਾਂ ਦੇ 2 ਜਨਵਰੀ 2025 ਨੂੰ ਲਏ ਫ਼ੈਸਲੇ ਨੂੰ ਲਾਗੂ ਕਰਨ ਤੋਂ ਉੱਚ ਅਫ਼ਸਰ ਟਾਲਾ ਵੱਟ ਰਹੇ ਹਨ ਅਤੇ ਉੱਚ ਅਫ਼ਸਰਾਂ ਨੇ 8 ਅਕਤੂਬਰ ਨੂੰ ਘੁੰਮਣ ਨੂੰ ਵਧੀਕ ਐੱਮ ਡੀ ਵਜੋਂ ਵਾਧੂ ਚਾਰਜ ਦੇ ਦਿੱਤਾ ਹੈ। ਮੌਜੂਦਾ ਵਧੀਕ ਐੱਮ ਡੀ ਜਗਦੀਸ਼ ਸਿੰਘ ਸਿੱਧੂ ਛੁੱਟੀ ’ਤੇ ਗਏ ਹਨ। ਕਈ ਡਾਇਰੈਕਟਰ ਇਸ ਮਾਮਲੇ ’ਤੇ ਭੜਕੇ ਹੋਏ ਹਨ। ਬੋਰਡ ਦੀ 13 ਨਵੰਬਰ ਨੂੰ ਹੋਣ ਵਾਲੀ ਮੀਟਿੰਗ ’ਚ ਘੁੰਮਣ ਦਾ ਮਾਮਲਾ ਭਖ਼ ਸਕਦਾ ਹੈ। ਸੂਤਰ ਦਸਦੇ ਹਨ ਕਿ ਡਾਇਰੈਕਟਰ ਇਹ ਮਾਮਲਾ ਮੁੱਖ ਮੰਤਰੀ ਤੱਕ ਲਿਜਾਣ ਲਈ ਕਾਹਲੇ ਹਨ।
ਪੰਜਾਬ ਰਾਜ ਸਹਿਕਾਰੀ ਬੈਂਕ ਲਿਮਿਟਡ ਦੇ ਚੇਅਰਮੈਨ ਜਗਦੇਵ ਸਿੰਘ ਬਾਮ ਦਾ ਕਹਿਣਾ ਸੀ ਕਿ ਬੋਰਡ ਨੇ ਘੁੰਮਣ ਨੂੰ ਰਿਵਰਟ ਕਰਨ ਦਾ ਫ਼ੈਸਲਾ ਲਿਆ ਸੀ ਅਤੇ ਡਾਇਰੈਕਟਰ 13 ਨਵੰਬਰ ਦੀ ਮੀਟਿੰਗ ’ਚ ਇਹ ਮਾਮਲਾ ਮੁੜ ਉਠਾਉਣ ਦੀ ਗੱਲ ਆਖ ਰਹੇ ਹਨ। ਉਹ ਅਗਲੀ ਮੀਟਿੰਗ ’ਚ ਇਸ ’ਤੇ ਵਿਚਾਰ ਕਰਨਗੇ।
