ਮੁੰਬਈ, 8 ਸਤੰਬਰ
ਇੱਥੇ ਸਾਲ 1993 ਵਿੱਚ ਹੋਏ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਦੀ ਕਬਰ ਦੇ ਸੁੰਦਰੀਕਰਨ ’ਤੇ ਵਿਵਾਦ ਪੈਦਾ ਹੋ ਗਿਆ ਹੈ। ਸੱਤਾਧਾਰੀ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਕਬਰ ਦਾ ਸੁੰਦਰੀਕਰਨ ਕੀਤਾ ਗਿਆ ਹੈ ਤੇ ਇਸ ਨੂੰ ਦਰਗਾਹ ’ਚ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਮੈਮਨ ਦੀ ਕਬਰ ਦਾ ਸੁੰਦਰੀਕਰਨ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਦੇ ਕਾਰਜਕਾਲ ਦੌਰਾਨ ਕੀਤਾ ਗਿਆ ਹੈ। ਹਾਲਾਂਕਿ ਸ਼ਿਵ ਸੈਨਾ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਤੇ ਮਹਾ ਵਿਕਾਸ ਅਗਾੜੀ ਸਰਕਾਰ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ ਤੇ ਪਾਰਟੀ ਨੂੰ ਬਿਨਾਂ ਕਾਰਨ ਮਾਮਲੇ ’ਚ ਘੜੀਸਿਆ ਜਾ ਰਿਹਾ ਹੈ। ਇਸ ਮਸਲੇ ’ਤੇ ਵਿਵਾਦ ਖੜ੍ਹਾ ਹੋਣ ਮਗਰੋਂ ਮੁੰਬਈ ਪੁਲੀਸ ਨੇ ਕਾਰਵਾਈ ਕਰਦਿਆਂ ਦਹਿਸ਼ਤੀ ਹਮਲੇ ਦੇ ਦੋਸ਼ੀ ਦੀ ਕਬਰ ਦੇ ਚਾਰੇ ਪਾਸੇ ਲਾਈਆਂ ਐੱਲਈਡੀ ਲਾਈਟਾਂ ਉਤਾਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਮੈਮਨ ਨੂੰ ਸਾਲ 2015 ਵਿੱਚ ਨਾਗਪੁਰ ਜੇਲ੍ਹ ਵਿੱਚ ਫ਼ਾਂਸੀ ਦਿੱਤੀ ਗਈ ਸੀ ਤੇ ਦੱਖਣੀ ਮੁੰਬਈ ਦੇ ਵੱਡੇ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਡੀਸੀਪੀ ਪੱਧਰ ਦਾ ਪੁਲੀਸ ਅਧਿਕਾਰੀ ਜਾਂਚ ਕਰੇਗਾ ਕਿ ਕਿਵੇਂ ਇੱਕ ਅਤਿਵਾਦੀ ਦੀ ਕਬਰ ’ਤੇ ਐੱਲਈਡੀ ਲਾਈਟਾਂ ਲਾ ਦਿੱਤੀਆਂ ਗਈਆਂ ਤੇ ਸੰਗਮਰਮਰ ਦੀਆਂ ਟਾਈਲਾਂ ਲਾ ਕੇ ਇਸ ਨੂੰ ਸ਼ਿੰਗਾਰਿਆ ਗਿਆ। ਦੂਜੇ ਪਾਸੇ, ਠਾਕਰੇ ਦੀ ਅਗਵਾਈ ਵਾਲੇ ਸ਼ਿਵਸੈਨਾ ਸਮੂਹ ਨੇ ਕਿਹਾ ਕਿ ਪੂਰਾ ਮੁੱਦਾ ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਅਹਿਮ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦਾ ਯਤਨ ਹੈ। ਸੂਬੇ ਦੀ ਭਾਜਪਾ ਇਕਾਈ ਦੇ ਮੁਖੀ ਚੰਦਰਸ਼ੇਖਰ ਬਵਾਨਕੁਲੇ ਨੇ ਕਿਹਾ ਕਿ ਠਾਕਰੇ ਨੂੰ 250 ਲੋਕਾਂ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀ ਦੀ ਕਬਰ ਦੇ ਸੁੰਦਰੀਕਰਨ ਦੀ ਕੋਸ਼ਿਸ਼ ਲਈ ਮਹਾਰਾਸ਼ਟਰ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। -ਪੀਟੀਆਈ