ਸੰਵੇਦਨਸ਼ੀਲ ਫਿਲਮਾਂ ’ਤੇ ਵਿਵਾਦ ਸੁਭਾਵਕ: Jimmy Shergill
ਦਿਲਜੀਤ ਦੁਸਾਂਝ ਦੀ ਵਿਵਾਦਗ੍ਰਸਤ ਫਿਲਮ ‘ਸਤਲੁਜ’ ਬਾਰੇ ਟਿੱਪਣੀ ਕੀਤੀ
ਅਦਾਕਾਰ ਜਿੰਮੀ ਸ਼ੇਰਗਿੱਲ ਦਾ ਕਹਿਣਾ ਹੈ ਕਿ ਸਿਆਸੀ ਤੌਰ ’ਤੇ ਸੰਵੇਦਨਸ਼ੀਲ ਇਤਿਹਾਸ ਪੇਸ਼ ਕਰਨ ਵਾਲੀਆਂ ਫਿਲਮਾਂ ਅਕਸਰ ਮੁਸ਼ਕਲਾਂ ਵਿੱਚ ਘਿਰ ਜਾਂਦੀਆਂ ਹਨ। ਅਜਿਹੀਆਂ ਫਿਲਮਾਂ ਕਈ ਲੁਕਵੀਆਂ ਸੱਚਾਈਆਂ ਬਾਹਰ ਲਿਆਉਂਦੀਆਂ ਹਨ ਜਿਸ ਕਾਰਨ ਮਾਹੌਲ ਗੁੰਝਲਦਾਰ ਹੋ ਜਾਂਦਾ ਹੈ। ਉਸ ਨੇ ਇਹ ਪ੍ਰਤੀਕਰਮ ਦਿਲਜੀਤ ਦੋਸਾਂਝ ਦੀ ਸੰਵੇਦਨਸ਼ੀਲ ਮੁੱਦੇ ’ਤੇ ਬਣੀ ਫਿਲਮ ‘ਸਤਲੁਜ’ ਦੇ ਰਿਲੀਜ਼ ਨਾ ਹੋਣ ਬਾਰੇ ਪੁੱਛੇ ਗਏ ਸਵਾਲ ’ਤੇ ਦਿੱਤਾ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਇਹ ਫਿਲਮ ਤਿੰਨ ਸਾਲ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ ਬੀ ਐੱਫ ਸੀ) ਵਿੱਚ ਫਸੀ ਰਹੀ ਅਤੇ ਇਸ ’ਤੇ 127 ਕੱਟ ਲਾਏ ਗਏ। ਪਿਛਲੇ ਮਹੀਨੇ ਜ਼ੀ5 ’ਤੇ ਰਿਲੀਜ਼ ਹੋਣ ਦੇ ਦੋ ਦਿਨ ਬਾਅਦ ਹੀ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਸੀ। ਸ਼ੇਰਗਿੱਲ ਨੇ ਕਿਹਾ ਕਿ ਸਿਆਸਤ ਹਮੇਸ਼ਾ ਚੱਲਦੀ ਰਹਿੰਦੀ ਹੈ। ਜਦੋਂ ਕਿਸੇ ਸੰਵੇਦਨਸ਼ੀਲ ਮੁੱਦੇ ਦਾ ਕੋਈ ਪਹਿਲੂ ਛੇੜਿਆ ਜਾਂਦਾ ਹੈ ਤਾਂ ਹੋਰ ਕਈ ਲੁਕਵੇਂ ਪੱਖ ਵੀ ਸਾਹਮਣੇ ਆ ਜਾਂਦੇ ਹਨ। ਦੂਜੇ ਪਾਸੇ, ਉਸ ਦੀ ਆਪਣੀ ਪਹਿਲੀ ਫਿਲਮ ‘ਮਾਚਿਸ‘ ਵੀ ਅਜਿਹੇ ਹੀ ਵਿਸ਼ੇ ’ਤੇ ਆਧਾਰਿਤ ਸੀ ਪਰ ਉਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ’80ਵਿਆਂ ਦੇ ਪੰਜਾਬ ਦੇ ਹਾਲਾਤ ’ਤੇ ਬਣੀ ਸੀ, ਜਿਸ ਨੇ ਦੋ ਕੌਮੀ ਫਿਲਮ ਪੁਰਸਕਾਰ ਜਿੱਤੇ ਸਨ। ਆਪਣੀ ਪਹਿਲੀ ਫਿਲਮ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸ਼ੇਰਗਿੱਲ ਨੇ ਦੱਸਿਆ ਕਿ ਉਸ ਵੇਲੇ ਉਹ ਦਿੱਲੀ ਤੋਂ ਆਇਆ ਨਵਾਂ ਕਲਾਕਾਰ ਸੀ। ਫਿਲਮ ਦੀ ਸਕ੍ਰਿਪਟ ਪੜ੍ਹ ਕੇ ਉਹ ਰੋ ਪਿਆ ਸੀ। ਸ਼ੂਟਿੰਗ ਦੌਰਾਨ ਉਹ ਕਾਫ਼ੀ ਘਬਰਾਇਆ ਹੋਇਆ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਨੈੱਟਫਲਿਕਸ ’ਤੇ ਰਿਲੀਜ਼ ਹੋਈ ਸੀਰੀਜ਼ ‘ਅਪਰੇਸ਼ਨ ਸਫ਼ੇਦ ਸਾਗਰ’ ਵਿੱਚ ਸ਼ੇਰਗਿੱਲ ਨੇ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਬੀ ਐੱਸ ਧਨੋਆ ਦੀ ਭੂਮਿਕਾ ਨਿਭਾਈ ਹੈ।

