CONGRESS ਵੱਲੋਂ ਸੰਸਦ ਮੈਂਬਰਾਂ ਨੂੰ ਸਦਨ ’ਚ ਹਾਜ਼ਰ ਰਹਿਣ ਲਈ ਵ੍ਹਿਪ ਜਾਰੀ
ਅਗਲੇ ਹਫ਼ਤੇ ਐੱਫ ਸੀ ਆਰ ਏ ਅਤੇ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ
Congress Issues Whip: ਕਾਂਗਰਸ ਨੇ ਰਾਜ ਸਭਾ ਅਤੇ ਲੋਕ ਸਭਾ ’ਚ ਆਪਣੇ ਸਾਰੇ ਸੰਸਦ ਮੈਂਬਰਾਂ ਲਈ ਵ੍ਹਿਪ ਜਾਰੀ ਕਰ ਕੇ 10, 11 ਅਤੇ 12 ਅਗਸਤ ਨੂੰ ਸਦਨ ਵਿੱਚ ਹਾਜ਼ਰ ਰਹਿਣ ਲਈ ਆਖਿਆ ਹੈ। ਪਾਰਟੀ ਸੂਤਰਾਂ ਅਨੁਸਾਰ ‘ਇੰਡੀਆ’ ਬਲਾਕ ਦੇ ਭਾਈਵਾਲਾਂ ਨੂੰ ਵੀ ਇਨ੍ਹਾਂ ਤਿੰਨ ਦਿਨਾਂ ਦੌਰਾਨ ਆਪਣੇ ਸੰਸਦ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸੰਸਦ ’ਚ ਅਗਲੇ ਹਫ਼ਤੇ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਸੋਧ ਬਿੱਲ ਅਤੇ ਹਲਕਾਬੰਦੀ ਨਾਲ ਜੁੜੇ ਸੰਵਿਧਾਨਕ ਸੋਧ ਬਿੱਲ ’ਤੇ ਚਰਚਾ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਾਂਗਰਸ ਨੇ ਇਹ ਕਦਮ ਚੁੱਕਿਆ ਹੈ।
ਤਿੰਨ ਲਾਈਨਾਂ ਦੇ ਵ੍ਹਿਪ ’ਚ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ ਕਾਂਗਰਸ ਆਗੂਆਂ ਨੂੰ ਸੋਮਵਾਰ ਤੋਂ ਬੁੱਧਵਾਰ ਤੱਕ ਸਦਨ ਦੀ ਕਾਰਵਾਈ ਦੌਰਾਨ ਹਾਜ਼ਰ ਰਹਿ ਕੇ ਪਾਰਟੀ ਦੇ ਸਟੈਂਡ ਦਾ ਸਮਰਥਨ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ 10, 11 ਅਤੇ 12 ਅਗਸਤ ਨੂੰ ਅਹਿਮ ਮੁੱਦਿਆਂ ’ਤੇ ਚਰਚਾ ਹੋ ਸਕਦੀ ਹੈ। ਉਨ੍ਹਾਂ ਪਾਰਟੀ ਦੇ ਸਾਰੇ ਰਾਜ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਵੇਰੇ 11 ਵਜੇ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਮਗਰੋਂ ਉਸ ਦੇ ਦਿਨ ਭਰ ਲਈ ਉਠਾਉਣ ਤੱਕ ਸਦਨ ਦੇ ਅੰਦਰ ਉਹ ਮੌਜੂਦ ਰਹਿਣ। ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਨੂੰ ਅਤਿ ਮਹੱਤਵਪੂਰਨ ਮਾਮਲੇ ਵਜੋਂ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਦਾ ਵ੍ਹਿਪ ਲੋਕ ਸਭਾ ’ਚ ਕਾਂਗਰਸ ਦੇ ਚੀਫ਼ ਵ੍ਹਿਪ ਕੇ ਸੁਰੇਸ਼ ਨੇ ਪਾਰਟੀ ਮੈਂਬਰਾਂ ਨੂੰ ਜਾਰੀ ਕੀਤਾ ਹੈ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅਗਲੇ ਹਫ਼ਤੇ ਦੇ ਸੰਸਦੀ ਕੰਮਕਾਰ ਦਾ ਜ਼ਿਕਰ ਤਾਂ ਕੀਤਾ ਹੈ ਪਰ ਉਸ ’ਚ ਐੱਫ ਸੀ ਆਰ ਏ ਬਿੱਲ ਅਤੇ ਮਹਿਲਾ ਰਾਖਵਾਂਕਰਨ ਤੇ ਹਲਕਾਬੰਦੀ ਲਾਗੂ ਕਰਨ ਸਬੰਧੀ ਸੰਵਿਧਾਨਕ ਸੋਧ ਬਿੱਲ ਦਾ ਕੋਈ ਹਵਾਲਾ ਨਹੀਂ ਦਿੱਤਾ ਹੈ।
ਅਮਿਤ ਸ਼ਾਹ ਸਪੀਕਰ ਬਿਰਲਾ ਨੂੰ ਮਿਲੇ
ਸੰਸਦ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਜਾਰੀ ਜਮੂਦ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਵਿਰੋਧੀ ਧਿਰ ਨੀਟ ਪੇਪਰ ਲੀਕ ਮਾਮਲੇ ’ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਪੁਲੀਸ ਕਾਰਵਾਈ ਅਤੇ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ’ਤੇ ਗ੍ਰਹਿ ਮੰਤਰੀ ਤੋਂ ਜਵਾਬ ਦੀ ਮੰਗ ਕਰ ਰਹੀ ਹੈ। ਸ਼ਾਹ ਨੇ ਸਪੀਕਰ ਦੇ ਦਫ਼ਤਰ ਵਿੱਚ ਲਗਪਗ ਇੱਕ ਘੰਟਾ ਬਿਤਾਇਆ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਸੰਸਦ ਭਵਨ ਵਿੱਚ ਸ਼ਾਹ ਨਾਲ ਮੁਲਾਕਾਤ ਕੀਤੀ।
ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
ਨਵੀਂ ਦਿੱਲੀ: ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਲਗਾਤਾਰ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਮੈਂਬਰ ਨੀਟ ਪੇਪਰ ਲੀਕ ਮਾਮਲੇ, ਰਾਮ ਮੰਦਰ ਚੜ੍ਹਾਵਾ ਚੋਰੀ ਅਤੇ ਹੋਰ ਮਾਮਲਿਆਂ ’ਤੇ ਸਰਕਾਰ ਤੋਂ ਜਵਾਬ ਦੀ ਮੰਗ ਕਰ ਰਹੇ ਸਨ। ਲੋਕ ਸਭਾ ਵਿੱਚ ਹੰਗਾਮੇ ਦਰਮਿਆਨ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਵਿਕਾਸ (ਸੋਧ) ਬਿੱਲ, 2026 ਬਿਨਾਂ ਚਰਚਾ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਨੀਟ ਪੇਪਰ ਲੀਕ ਖ਼ਿਲਾਫ਼ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਪੁਲੀਸ ਕਾਰਵਾਈ ਬਾਰੇ ਜਵਾਬ ਦੀ ਮੰਗ ਕਰ ਰਹੀ ਸੀ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਵਿਰੋਧੀ ਧਿਰ ਇਹ ਤੈਅ ਨਹੀਂ ਕਰ ਸਕਦੀ ਕਿ ਕਿਹੜਾ ਮੰਤਰੀ ਕਦੋਂ ਸਦਨ ਵਿੱਚ ਆ ਕੇ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਰੋਜ਼ਾਨਾ ਸੰਸਦ ਵਿੱਚ ਆਉਂਦੇ ਹਨ। ਉਨ੍ਹਾਂ ਵਿਰੋਧੀ ਧਿਰ ’ਤੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦਾ ਦੋਸ਼ ਲਗਾਇਆ। ਰਾਜ ਸਭਾ ਵਿੱਚ ਵੀ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਮੈਂਬਰਾਂ ਨੇ ਗ੍ਰਹਿ ਮੰਤਰੀ ਦੀ ਮੌਜੂਦਗੀ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। -ਪੀਟੀਆਈ

