ਕਾਂਗਰਸ ਦੇ ਰਣਨੀਤੀਕਾਰ ਤੇ ਸੀਨੀਅਰ ਆਗੂ ਅਹਿਮਦ ਪਟੇਲ ਦਾ ਦੇਹਾਂਤ

ਕਾਂਗਰਸ ਦੇ ਰਣਨੀਤੀਕਾਰ ਤੇ ਸੀਨੀਅਰ ਆਗੂ ਅਹਿਮਦ ਪਟੇਲ ਦਾ ਦੇਹਾਂਤ

ਨਵੀਂ ਦਿੱਲੀ, 25 ਨਵੰਬਰ

ਸੀਨੀਅਰ ਕਾਂਗਰਸ ਆਗੂ ਤੇ ਪਾਰਟੀ ਦੇ ਚੋਟੀ ਦੇ ਰਣਨੀਤੀਕਾਰ ਅਹਿਮਦ ਪਟੇਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਪਟੇਲ (71) ਦੀ ਹਾਲਤ ਕਈ ਦਿਨਾਂ ਤੋਂ ਗੰਭੀਰ ਸੀ ਤੇ ਉਹ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖ਼ਲ ਸਨ। ਉਨ੍ਹਾਂ ਨੂੰ ਪਹਿਲਾਂ ਕੋਵਿਡ ਹੋ ਗਿਆ ਸੀ ਤੇ ਮਗਰੋਂ ਹਾਲਤ ਵਿਗੜ ਗਈ ਸੀ। ਇਲਾਜ ਦੌਰਾਨ ਕਾਂਗਰਸੀ ਆਗੂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪਟੇਲ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਧੀ ਮੁਮਤਾਜ਼ ਤੇ ਪੁੱਤਰ ਫ਼ੈਸਲ ਪਟੇਲ ਹਨ। ਪਟੇਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਭ ਤੋਂ ਨੇੜਲੇ ਆਗੂਆਂ ਵਿਚੋਂ ਸਨ। ਉਹ ਸੋਨੀਆ ਦੇ ਸਿਆਸੀ ਸਲਾਹਕਾਰ ਵੀ ਸਨ। ਉਨ੍ਹਾਂ ਕਈ ਵਾਰ ਪਾਰਟੀ ਨੂੰ ਸੰਕਟ ਵਿਚੋਂ ਉਭਾਰਿਆ। ਪਟੇਲ ਦੀਆਂ ਅੰਤਿਮ ਰਸਮਾਂ ਉਨ੍ਹਾਂ ਦੇ ਗੁਜਰਾਤ ਦੇ ਭਰੁਚ ਜ਼ਿਲ੍ਹੇ ਸਥਿਤ ਜੱਦੀ ਪਿੰਡ ਪੀਰਾਮਨ ਵਿਚ ਕੀਤੀਆਂ ਜਾਣਗੀਆਂ। ਅਹਿਮਦ ਪਟੇਲ ਦੀ ਦੇਹ ਨੂੰ ਸ਼ਾਮ ਤੱਕ ਜੱਦੀ ਪਿੰਡ ਲਿਆਂਦਾ ਜਾਵੇਗਾ ਤੇ ਵੀਰਵਾਰ ਨੂੰ ਦਫ਼ਨਾਇਆ ਜਾਵੇਗਾ। ਕਾਂਗਰਸੀ ਆਗੂ ਦੀ ਇੱਛਾ ਸੀ ਕਿ ਉਨ੍ਹਾਂ ਨੂੰ ਮਾਤਾ-ਪਿਤਾ ਨੇੜੇ ਜੱਦੀ ਪਿੰਡ ਵਿਚ ਦਫ਼ਨਾਇਆ ਜਾਵੇ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦ ਪਟੇਲ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪੁੱਤਰ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸੀਪੀਐਮ ਦੇ ਸੀਤਾਰਾਮ ਯੇਚੁਰੀ ਤੇ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਵੀ ਸੀਨੀਅਰ ਕਾਂਗਰਸੀ ਆਗੂ ਦੀ ਮੌਤ ਉਤੇ ਅਫ਼ਸੋਸ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਪਟੇਲ ‘ਬੁੱਧੀਮਾਨ ਸੰਸਦ ਮੈਂਬਰ ਸਨ, ਉਨ੍ਹਾਂ ਵਿਚ ਲੋਕ ਆਗੂਆਂ ਤੇ ਬਿਹਤਰੀਨ ਰਣਨੀਤੀਕਾਰਾਂ ਵਾਲੇ ਸਾਰੇ ਗੁਣ ਸਨ।’ ਸਾਰੀਆਂ ਸਿਆਸੀ ਪਾਰਟੀਆਂ ਵਿਚ ਉਨ੍ਹਾਂ ਦੇ ਮਿੱਤਰ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਟੇਲ ਨੇ ਸਾਰੀ ਜ਼ਿੰਦਗੀ ਲੋਕਾਂ ਤੇ ਸਮਾਜ ਦੀ ਸੇਵਾ ਵਿਚ ਬਿਤਾਈ, ਉਹ ਆਪਣੇ ਤੇਜ਼ ਦਿਮਾਗ ਲਈ ਜਾਣੇ ਜਾਂਦੇ ਸਨ। ਕਾਂਗਰਸ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੋਦੀ ਨੇ ਅਹਿਮਦ ਪਟੇਲ ਦੇ ਪੁੱਤਰ ਫ਼ੈਸਲ ਨਾਲ ਫੋਨ ਉਤੇ ਗੱਲਬਾਤ ਵੀ ਕੀਤੀ ਹੈ।
-ਪੀਟੀਆਈ/ਆਈਏਐਨਐੱਸ

‘ਪਟੇਲ ਸਨ ਸੰਕਟਮੋਚਕ, ਸਾਹਾਂ ਅਤੇ ਜ਼ਿੰਦਗੀ ’ਚ ਵਸੀ ਸੀ ਪਾਰਟੀ: ਕਾਂਗਰਸ

ਅਹਿਮਦ ਪਟੇਲ ਦੀ ਮੌਤ ਉਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਇਕ ਅਜਿਹਾ ਸਾਥੀ ਗੁਆ ਦਿੱਤਾ ਹੈ ਜਿਸ ਦਾ ਕੋਈ ਬਦਲ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਟੇਲ ਦੀ ‘ਜ਼ਿੰਦਗੀ ਤੇ ਸਾਹਾਂ ਵਿਚ ਸਿਰਫ਼ ਕਾਂਗਰਸ ਰਚੀ ਹੋਈ ਸੀ’ ਤੇ ਉਹ ਸਭ ਤੋਂ ਔਖੇ ਸਮਿਆਂ ਵਿਚ ਵੀ ਪਾਰਟੀ ਦੇ ਨਾਲ ਖੜ੍ਹੇ ਰਹੇ। ਪਟੇਲ ਵਰ੍ਹਿਆਂ ਬੱਧੀ ਪਾਰਟੀ ਲਈ ਪਿੱਛੇ ਰਹਿ ਕੇ ਰਣਨੀਤੀ ਘੜਦੇ ਰਹੇ। ਉਹ ਕਈ ਸਾਲ ਸੋਨੀਆ ਦੇ ਸਿਆਸੀ ਸਕੱਤਰ ਤੇ ਕਾਂਗਰਸ ਦੇ ਖ਼ਜਾਨਚੀ ਰਹੇ। ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All