ਚੋਣ ਨਤੀਜਿਆਂ 'ਤੇ ਬੋਲੀ Congress ; ਲੋਕਤੰਤਰ ਲਈ ਸੰਘਰਸ਼ ਦਾ ਰਾਹ ਹੁੰਦਾ ਹੈ ਲੰਮਾ ਅਤੇ ਮੁਸ਼ਕਲ
ਕਾਂਗਰਸ ਨੇ ਸੋਮਵਾਰ ਨੂੰ ਯੂ ਡੀ ਐੱਫ (UDF) ਦੀ ਜਿੱਤ ਲਈ ਕੇਰਲ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੂਜੇ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਪਾਰਟੀ ਦੀਆਂ ਉਮੀਦਾਂ ਮੁਤਾਬਕ ਨਹੀਂ ਰਹੇ, ਪਰ ਉਹ ਨਿਰਾਸ਼ ਨਹੀਂ ਹੋਵੇਗੀ ਅਤੇ...
ਕਾਂਗਰਸ ਨੇ ਸੋਮਵਾਰ ਨੂੰ ਯੂ ਡੀ ਐੱਫ (UDF) ਦੀ ਜਿੱਤ ਲਈ ਕੇਰਲ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੂਜੇ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਪਾਰਟੀ ਦੀਆਂ ਉਮੀਦਾਂ ਮੁਤਾਬਕ ਨਹੀਂ ਰਹੇ, ਪਰ ਉਹ ਨਿਰਾਸ਼ ਨਹੀਂ ਹੋਵੇਗੀ ਅਤੇ ਆਪਣੀ ਵਿਚਾਰਧਾਰਾ ਦੀ ਲੜਾਈ ਜਾਰੀ ਰੱਖੇਗੀ।
ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ ਇੰਚਾਰਜ) ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਕੇਰਲ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਯੂ ਡੀ ਐੱਫ ਨੂੰ ਭਾਰੀ ਬਹੁਮਤ ਨਾਲ ਸੇਵਾ ਕਰਨ ਦਾ ਮੌਕਾ ਦਿੱਤਾ ਹੈ।
ਉਨ੍ਹਾਂ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ,"ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਾਂ ਅਤੇ ਕੇਰਲ ਦੇ ਲੋਕਾਂ ਨੇ ਸਾਡੇ ਉੱਤੇ ਜੋ ਵਿਸ਼ਵਾਸ ਜਤਾਇਆ ਹੈ, ਉਸ 'ਤੇ ਖਰਾ ਉਤਰਨ ਦਾ ਵਾਅਦਾ ਕਰਦੇ ਹਾਂ।"
ਉਨ੍ਹਾਂ ਅੱਗੇ ਕਿਹਾ, “ਕੇਰਲ ਨੂੰ ਛੱਡ ਕੇ, ਬਾਕੀ ਥਾਵਾਂ 'ਤੇ ਚੋਣ ਨਤੀਜੇ ਸਾਡੀਆਂ ਉਮੀਦਾਂ ਤੋਂ ਘੱਟ ਰਹੇ ਹਨ। ਹਾਲਾਂਕਿ, ਅਸੀਂ ਨਾ ਤਾਂ ਹਿੰਮਤ ਹਾਰੀ ਹੈ ਅਤੇ ਨਾ ਹੀ ਨਿਰਾਸ਼ ਹਾਂ।"
ਕਾਂਗਰਸ ਆਗੂ ਨੇ ਕਿਹਾ, “ਅਸੀਂ ਇੱਕ ਵਿਚਾਰਧਾਰਕ ਲੜਾਈ ਲੜ ਰਹੇ ਹਾਂ। ਤਾਨਾਸ਼ਾਹੀ ਅਤੇ ਝੂਠ ਦੇ ਵਿਰੁੱਧ ਲੋਕਤੰਤਰ ਅਤੇ ਸੱਚਾਈ ਦੀ ਲੜਾਈ ਦਾ ਰਸਤਾ ਹਮੇਸ਼ਾ ਲੰਮਾ ਅਤੇ ਮੁਸ਼ਕਲ ਹੁੰਦਾ ਹੈ। ਇਸ ਦੇ ਬਾਵਜੂਦ, ਅਸੀਂ ਅਟੱਲ ਇਰਾਦੇ ਅਤੇ ਦ੍ਰਿੜਤਾ ਨਾਲ ਅੱਗੇ ਵਧਣਾ ਜਾਰੀ ਰੱਖਾਂਗੇ।”
ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਪਾਰਟੀ ਜਲਦੀ ਹੀ ਤਿੰਨ ਸੂਬਿਆਂ ਪੱਛਮੀ ਬੰਗਾਲ, ਅਸਾਮ ਅਤੇ ਤਾਮਿਲਨਾਡੂ ਸਮੇਤ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੇ ਚੋਣ ਨਤੀਜਿਆਂ ਦੀ ਡੂੰਘਾਈ ਨਾਲ ਪੜਚੋਲ ਕਰੇਗੀ। ਉਨ੍ਹਾਂ ਦੱਸਿਆ ਕਿ ਕੇਰਲ ਵਿੱਚ ਨਿਗਰਾਨ ਭੇਜਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਦੀ ਅਗਵਾਈ ਵਾਲੇ ਯੂ ਡੀ ਐੱਫ ਨੇ ਕੇਰਲ ਵਿੱਚ ਦੋ ਤਿਹਾਈ ਬਹੁਮਤ ਹਾਸਲ ਕੀਤਾ ਹੈ ਅਤੇ ਉਹ ਇਸ ਦੱਖਣੀ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਵੱਲ ਵਧ ਰਹੀ ਹੈ।
ਹਾਲਾਂਕਿ, ਪਾਰਟੀ ਅਸਾਮ ਵਿੱਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਵਿੱਚ ਅਸਫਲ ਰਹੀ, ਜਿੱਥੇ ਭਾਜਪਾ ਨੇ ਲਗਾਤਾਰ ਤੀਜੀ ਵਾਰ ਵੱਡੇ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਕਾਂਗਰਸ ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਵੀ ਕੋਈ ਖ਼ਾਸ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹੀ ਹੈ।

