ਨਵੀਂ ਦਿੱਲੀ, 24 ਸਤੰਬਰ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਦੇ ਨੇੜਲੇ ਸਾਥੀ ਆਲਿਮ ਜਾਵੇਰੀ ਨੇ ਅੱਜ ਨਾਮਜ਼ਦਗੀ ਅਮਲ ਸ਼ੁਰੂ ਹੋਣ ’ਤੇ ਕੇਂਦਰੀ ਚੋਣ ਅਥਾਰਿਟੀ ਚੇਅਰਮੈਨ ਮਧੂਸੂਦਨ ਮਿਸਤਰੀ ਦੇ ਦਫ਼ਤਰ ਤੋਂ ਇਸ ਸਬੰਧੀ ਫਾਰਮ ਇਕੱਤਰ ਕੀਤੇ। ਸੂਤਰਾਂ ਨੇ ਕਿਹਾ ਕਿ ਥਰੂਰ ਵੱਲੋਂ 30 ਸਤੰਬਰ ਨੂੰ ਕਾਗਜ਼ ਭਰੇ ਜਾ ਸਕਦੇ ਹਨ। ਵੋਟਿੰਗ 17 ਅਕਤੂਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਅਤੇ ਨਤੀਜਾ 19 ਅਕਤੂਬਰ ਨੂੰ ਐਲਾਨਿਆ ਜਾਵੇਗਾ। ਚੋਣਾਂ ’ਚ 9 ਹਜ਼ਾਰ ਤੋਂ ਜ਼ਿਆਦਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਹਿੱਸਾ ਲੈਣਗੇ। ਹੁਣ ਤਕਰੀਬਨ ਤੈਅ ਹੋ ਗਿਆ ਹੈ ਕਿ ਪਾਰਟੀ ਦੇ ਸਿਖਰਲੇ ਅਹੁਦੇ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਸ਼ਸ਼ੀ ਥਰੂਰ ਨਾਲ ਸਾਹਮਣਾ ਹੋਵੇਗਾ। ਸੂਤਰਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ 10 ਪ੍ਰਦੇਸ਼ ਕਾਂਗਰਸ ਕਮੇਟੀ ਡੈਲੀਗੇਟਾਂ ਦੇ ਦਸਤਖ਼ਤ ਲੈਣ ਲਈ ਥਰੂਰ ਨੂੰ ਥੋੜੀ ਮੁਸ਼ੱਕਤ ਕਰਨੀ ਪੈ ਸਕਦੀ ਹੈ ਜਿਸ ਕਾਰਨ ਉਹ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ 30 ਸਤੰਬਰ ਨੂੰ ਹੀ ਆਪਣੇ ਕਾਗਜ਼ ਜਮ੍ਹਾਂ ਕਰਾਉਣਗੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਉਹ ਨਿਰਪੱਖ ਰਹੇਗੀ। -ਪੀਟੀਆਈ
ਸਿੰਘਵੀ ਨੇ ਕਾਂਗਰਸ ਆਗੂਆਂ ਨੂੰ ਉਮੀਦਵਾਰਾਂ ਬਾਰੇ ਟਿੱਪਣੀਆਂ ਕਰਨ ਤੋਂ ਰੋਕਿਆ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਵਾਲੇ ਆਪਣੇ ਸਾਥੀਆਂ ਬਾਰੇ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ। ਇਸ ਤੋਂ ਪਹਿਲਾਂ ਜੈਰਾਮ ਰਮੇਸ਼ ਨੇ ਕਾਂਗਰਸ ਤਰਜਮਾਨਾਂ ਅਤੇ ਸੰਚਾਰ ਵਿਭਾਗ ਦੇ ਅਹੁਦੇਦਾਰਾਂ ਨੂੰ ਕਿਹਾ ਸੀ ਕਿ ਉਹ ਚੋਣ ਲੜਨ ਵਾਲੇ ਸਾਥੀਆਂ ’ਤੇ ਕੋਈ ਟਿੱਪਣੀ ਨਾ ਕਰਨ।