ਕਾਂਗਰਸ ਨੇ ਐਮਰਜੈਂਸੀ ਲਈ ਕਦੇ ਮੁਆਫ਼ੀ ਨਹੀਂ ਮੰਗੀ: ਜੈਸ਼ੰਕਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜੂਨ
ਵਿਦੇਸ਼ ਮੰਤਰੀ ਡਾਕਟਰ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਕੁਝ ਲੋਕ ਹੱਥਾਂ ਵਿੱਚ ਸੰਵਿਧਾਨ ਦੀ ਕਾਪੀ ਲੈ ਕੇ ਘੁੰਮਦੇ ਹਨ ਪਰ ਉਨ੍ਹਾਂ ਦੇ ਦਿਲਾਂ ’ਚ ਕੁਝ ਹੋਰ ਹੀ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਐਮਰਜੈਂਸੀ ਲਗਾਉਣ ਲਈ ਕਦੇ ਵੀ ਮੁਆਫ਼ੀ ਨਹੀਂ ਮੰਗੀ ਹੈ। ਇਥੇ ਐੱਨਡੀਐੱਮਸੀ ਕਨਵੈਨਸ਼ਨ ਸੈਂਟਰ ਵਿਖੇ ਦਿੱਲੀ ਭਾਜਪਾ ਯੁਵਾ ਮੋਰਚਾ ਨੇ ਐਮਰਜੈਂਸੀ ਦੇ 50 ਸਾਲ ਪੂਰੇ ਹੋਣ ’ਤੇ ‘ਸੰਵਿਧਾਨ ਹੱਤਿਆ ਦਿਵਸ’ ਮਨਾਉਂਦਿਆਂ ਮੌਕ ਪਾਰਲੀਮੈਂਟ ਦਾ ਪ੍ਰਬੰਧ ਕੀਤਾ। ਇਸ ਦਾ ਉਦਘਾਟਨ ਜੈਸ਼ੰਕਰ ਅਤੇ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕੀਤਾ। ਮੌਕ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ, ‘‘ਐਮਰਜੈਂਸੀ ਕੋਈ ਸਿਆਸੀ ਮੁੱਦਾ ਨਹੀਂ ਸੀ ਬਲਕਿ ਇਹ ਸਾਡੀ ਜੀਵਨ ਜਾਚ ’ਤੇ ਹਮਲਾ ਸੀ ਜੋ ਸਿਰਫ਼ ਇੱਕ ਪਰਿਵਾਰ ਕਾਰਨ ਹੋਇਆ। ਐਮਰਜੈਂਸੀ ਵਿੱਚ ਸੰਵਿਧਾਨ ਦਾ ਇਸ ਤਰ੍ਹਾਂ ਕਤਲ ਕੀਤਾ ਗਿਆ ਸੀ ਕਿ ਜੇ ਤੁਸੀਂ ਆਪਣੀ ਜਾਨ ਵੀ ਗੁਆ ਦਿਓ ਤਾਂ ਵੀ ਅਦਾਲਤ ਤੁਹਾਨੂੰ ਰਾਹਤ ਨਹੀਂ ਦੇ ਸਕਦੀ ਸੀ।’’ ਉਨ੍ਹਾਂ ਕਿਹਾ ਕਿ ਮੌਕ ਪਾਰਲੀਮੈਂਟ ਰਾਹੀਂ ਨੌਜਵਾਨ ਪੀੜ੍ਹੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਨੇ ਸੱਤਾ ਅਤੇ ਕੁਰਸੀ ਦੇ ਲਾਲਚ ਵਿੱਚ ਸੰਵਿਧਾਨ ਦਾ ਗਲਾ ਕਿਵੇਂ ਘੁੱਟਿਆ ਸੀ। ਮੌਕ ਪਾਰਲੀਮੈਂਟ ’ਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜੈਸ਼ੰਕਰ ਅਤੇ ਸਚਦੇਵਾ ਨੇ ਐਮਰਜੈਂਸੀ ਸਬੰਧੀ ਵਿਸ਼ੇਸ਼ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।
ਆਰਐੱਸਐੱਸ ਨੇ ਕਦੇ ਵੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ‘ਸਮਾਜਵਾਦੀ’ ਅਤੇ ‘ਧਰਮ-ਨਿਰਪੱਖ’ ਸ਼ਬਦਾਂ ਦੀ ਸਮੀਖਿਆ ਸਬੰਧੀ ਆਰਐੱਸਐੱਸ ਦੀ ਮੰਗ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੰਘ ਨੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਕਦੇ ਵੀ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਤੇ ਕਿਹਾ ਕਿ ਇਹ ਮੰਗ ਉਸ (ਸੰਘ) ਦੀ ਸੰਵਿਧਾਨ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਐਕਸ ’ਤੇ ਪੋਸਟ ’ਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਆਰਐੱਸਐੱਸ ਨੇ ‘ਕਦੇ ਵੀ’ ਭਾਰਤ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ। ਇਸ ਨੇ 30 ਨਵੰਬਰ 1949 ਮਗਰੋਂ ਡਾ. ਬਾਬਾ ਸਾਹਿਬ ਅੰਬੇਡਕਰ, ਜਵਾਹਰਲਾਲ ਨਹਿਰੂ ਤੇ ਇਸ ਦੇ ਨਿਰਮਾਣ ’ਚ ਸ਼ਾਮਲ ਹੋਰ ਲੋਕਾਂ ’ਤੇ ਨਿਸ਼ਾਨਾ ਸੇਧਿਆ। ਆਰਐੱਸਐੱਸ ਦੇ ਆਪਣੇ ਸ਼ਬਦਾਂ ਮੁਤਾਬਕ ਸੰਵਿਧਾਨ ਮਨੂਸਮ੍ਰਿਤੀ ਤੋਂ ਪ੍ਰੇਰਿਤ ਨਹੀਂ ਸੀ।’’ -ਪੀਟੀਆਈ