ਕਾਂਗਰਸੀ ਆਗੂ ਲਾਲ ਸਿੰਘ ਦਾ ਦੇਹਾਂਤ
ਸਨੌਰ ਤੋਂ ਸਾਬਕਾ ਵਿਧਾਇਕ ਅਤੇ ਟਕਸਾਲੀ ਕਾਂਗਰਸੀ ਆਗੂ ਲਾਲ ਸਿੰਘ (84) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਸਿਹਤ ਕੁਝ ਸਮੇਂ ਤੋਂ ਨਾਸਾਜ਼ ਚੱਲ ਰਹੀ ਸੀ ਅਤੇ ਅੱਜ ਸਵੇਰੇ ਉਨ੍ਹਾਂ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ’ਚ ਆਖਰੀ ਸਾਹ ਲਏ। ਉਨ੍ਹਾਂ ਦਾ...
ਸਨੌਰ ਤੋਂ ਸਾਬਕਾ ਵਿਧਾਇਕ ਅਤੇ ਟਕਸਾਲੀ ਕਾਂਗਰਸੀ ਆਗੂ ਲਾਲ ਸਿੰਘ (84) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਸਿਹਤ ਕੁਝ ਸਮੇਂ ਤੋਂ ਨਾਸਾਜ਼ ਚੱਲ ਰਹੀ ਸੀ ਅਤੇ ਅੱਜ ਸਵੇਰੇ ਉਨ੍ਹਾਂ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ’ਚ ਆਖਰੀ ਸਾਹ ਲਏ। ਉਨ੍ਹਾਂ ਦਾ ਭਲਕੇ ਪਟਿਆਲਾ ’ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਿਹਤ ਪੱਖੋਂ ਠੀਕ ਨਾ ਰਹਿਣ ਕਰ ਕੇ ਲਾਲ ਸਿੰਘ ਕਰੀਬ ਇੱਕ ਦਹਾਕੇ ਤੋਂ ਸਰਗਰਮ ਸਿਆਸਤ ਤੋਂ ਲਾਂਭੇ ਸਨ।
ਨੇੜਲੇ ਪਿੰਡ ਅਸਰਪੁਰ ’ਚ 24 ਜਨਵਰੀ 1942 ਨੂੰ ਜਨਮੇ ਲਾਲ ਸਿੰਘ ਸਨੌਰ ਖੇਤਰ ਵਿਚੋਂ ਕਾਂਗਰਸ ਦੀ ਟਿਕਟ ’ਤੇ ਅੱਠ ਵਾਰ ਚੋਣਾਂ ਲੜੇ ਅਤੇ ਛੇ ਵਾਰ ਵਿਧਾਇਕ ਬਣੇ। ਉਹ ਵੱਖ-ਵੱਖ ਸਮਿਆਂ ਦੌਰਾਨ ਵਿੱਤ, ਸਹਿਕਾਰਤਾ, ਪੰਚਾਇਤ, ਬਿਜਲੀ, ਫੂਡ ਸਪਲਾਈ, ਜੇਲ੍ਹ ਵਿਭਾਗ ਸਮੇਤ 13 ਵਿਭਾਗਾਂ ਦੇ ਵਜ਼ੀਰ ਵੀ ਰਹੇ। ਉਹ ਪੰਜਾਬ ਸਿਵਲ ਸਪਲਾਈ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹੇ।
ਕਿਸਾਨ ਪਰਿਵਾਰ ਨਾਲ ਸਬੰਧਤ ਲਾਲ ਸਿੰਘ ਨੇ ਹੱਥੀਂ ਕਿਰਤ ਕਰਨ ਦੇ ਨਾਲ-ਨਾਲ ਹੀ ਕੁਝ ਸਮਾਂ ਸਰਕਾਰੀ ਨੌਕਰੀ ਵੀ ਕੀਤੀ। ਉਹ 21 ਸਾਲ ਦੀ ਉਮਰ ’ਚ ਕਾਂਗਰਸ ਪਾਰਟੀ ਨਾਲ ਜੁੜ ਗਏ ਸਨ ਅਤੇ ਪਾਰਟੀ ਦੇ ਵੱਖ-ਵੱਖ ਅਹੁਦਿਆਂ ’ਤੇ ਬਿਰਾਜਮਾਨ ਰਹੇ। ਉਹ 1989 ਤੋਂ 1997 ਤੱਕ ਕਾਂਗਰਸ ਪਾਰਟੀ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਜੋਂ ਵੀ ਜ਼ਿੰਮੇਵਾਰੀ ਨਿਭਾਈ। ਕਾਂਗਰਸ ਨੇ 1977 ’ਚ ਉਨ੍ਹਾਂ ਨੂੰ ਡਕਾਲਾ (ਹੁਣ ਸਨੌਰ) ਹਲਕੇ ਤੋਂ ਪਹਿਲੀ ਵਾਰ ਟਿਕਟ ਦਿੱਤੀ ਸੀ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਉਣ ਕਾਰਨ ਕਾਂਗਰਸ ਵਿਰੋਧੀ ਲਹਿਰ ਦੇ ਬਾਵਜੂਦ ਉਹ ਚੋਣ ਜਿੱਤ ਗਏ ਸਨ।

