Punjab Congress Crisis: ਪੰਜਾਬ ਲਈ ਕਾਂਗਰਸ ਹੀ ਇੱਕੋ-ਇੱਕ ਬਦਲ: Sachin Pilot
ਮੁੱਖ ਮੰਤਰੀ ਅਹੁਦੇ ਦੇ ਕਈ ਦਾਅਵੇਦਾਰ ਹੋਣਾ ਪਾਰਟੀ ਲਈ ਵਰਦਾਨ ਕਰਾਰ
Sachin Pilot Punjab: ਕਾਂਗਰਸ ਦੇ ਨਵੇਂ ਜਨਰਲ ਸਕੱਤਰ ਸਚਿਨ ਪਾਇਲਟ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਲਈ ਕਾਂਗਰਸ ਹੀ ਇੱਕੋ-ਇੱਕ ਵਿਹਾਰਕ ਬਦਲ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵਿਚਾਲੇ ਹੋਵੇਗਾ ਅਤੇ ਪੰਜਾਬ ਦੇ ਚੋਣ ਨਤੀਜੇ ਕੌਮੀ ਰਾਜਨੀਤੀ ਦੀ ਦਿਸ਼ਾ ਅਤੇ ਭਾਜਪਾ ਦੇ ਭਵਿੱਖ ’ਤੇ ਵੀ ਅਸਰ ਪਾਉਣਗੇ।
ਭੁਪੇਸ਼ ਬਘੇਲ ਦੀ ਥਾਂ ਪੰਜਾਬ ਦੀ ਜ਼ਿੰਮੇਵਾਰੀ ਮਿਲਣ ਮਗਰੋਂ ‘ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਨਾਲ ਵਿਸ਼ੇਸ਼ ਗੱਲਬਾਤ ਵਿੱਚ ਪਾਇਲਟ ਨੇ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਦੀਆਂ ਗੱਲਾਂ ਨਕਾਰਦਿਆਂ ਦਾਅਵਾ ਕੀਤਾ ਕਿ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ, ਜਦਕਿ ਅਸਲ ਫੁੱਟ ‘ਆਪ’ ਵਿੱਚ ਹੈ। ਇਸੇ ਲਈ ਕਈ ‘ਆਪ’ ਆਗੂ ਅਸਤੀਫ਼ੇ ਦੇ ਚੁੱਕੇ ਹਨ ਅਤੇ ਕਈ ਸੰਸਦ ਮੈਂਬਰ ਭਾਜਪਾ ਵਿੱਚ ਜਾ ਚੁੱਕੇ ਹਨ।
ਕਾਂਗਰਸ ਵਿੱਚ ਮੁੱਖ ਮੰਤਰੀ ਅਹੁਦੇ ਦੇ ਕਈ ਦਾਅਵੇਦਾਰ ਹੋਣ ਬਾਰੇ ਪੁੱਛੇ ਜਾਣ ’ਤੇ ਪਾਇਲਟ ਨੇ ਇਸ ਨੂੰ ਪਾਰਟੀ ਲਈ ਵਰਦਾਨ ਦੱਸਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਰੋਧੀ ਧਿਰ ਵਿੱਚ ਹੁੰਦਿਆਂ ਕਾਂਗਰਸ ਹਮੇਸ਼ਾ ਸਮੂਹਿਕ ਲੀਡਰਸ਼ਿਪ ਹੇਠ ਚੋਣਾਂ ਲੜਦੀ ਹੈ, ਇਸ ਲਈ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਪੰਜਾਬ ਵਿੱਚ ਚੋਣ ਮੁਹਿੰਮ ਦੀ ਅਗਵਾਈ ਕਰਨਗੇ। ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਪਾਇਲਟ ਨੇ ਕਿਹਾ ਕਿ 2022 ਵਿੱਚ ਬਹੁਮਤ ਮਿਲਣ ਦੇ ਬਾਵਜੂਦ ‘ਆਪ’ ਸਰਕਾਰ ਲੋਕਾਂ ਨੂੰ ਬਿਹਤਰ ਸ਼ਾਸਨ ਦੇਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਨਸ਼ਿਆਂ ਦੀ ਸਮੱਸਿਆ, ਮਾੜੀ ਕਾਨੂੰਨ-ਵਿਵਸਥਾ ਅਤੇ ਬੇਰੁਜ਼ਗਾਰੀ ਨੂੰ 2027 ਦੀਆਂ ਚੋਣਾਂ ਦੇ ਮੁੱਖ ਮੁੱਦੇ ਦੱਸਿਆ।
ਭਾਜਪਾ ਦੀ ਨਸ਼ਿਆਂ ਖ਼ਿਲਾਫ਼ ਯਾਤਰਾ ਡਰਾਮਾ ਕਰਾਰ
ਨਸ਼ਿਆਂ ਦੇ ਮੁੱਦੇ ’ਤੇ ਘੇਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਯਾਤਰਾ ਕੱਢਣਾ ਸਿਰਫ਼ ਡਰਾਮਾ ਹੈ। ਉਨ੍ਹਾਂ ਸਵਾਲ ਕੀਤਾ ਕਿ ਗੁਜਰਾਤ ਵਿੱਚ ਫੜੀ ਗਈ 21 ਹਜ਼ਾਰ ਕਰੋੜ ਰੁਪਏ ਦੀ ਕੋਕੀਨ ਕਿੱਥੇ ਗਈ, ਭਾਜਪਾ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਅਕਾਲੀ-ਭਾਜਪਾ ਦੇ ਸੰਭਾਵੀ ਗੱਠਜੋੜ ਬਾਰੇ ਪਾਇਲਟ ਨੇ ਕਿਹਾ ਕਿ ਕਾਂਗਰਸ ਉਸ ਵੇਲੇ ਵੀ ਇਸ ਗੱਠਜੋੜ ਨੂੰ ਹਰਾ ਚੁੱਕੀ ਹੈ, ਜਦੋਂ ਇਹ ਆਪਣੀ ਤਾਕਤ ਦੇ ਸਿਖਰ ’ਤੇ ਸੀ। ਉਨ੍ਹਾਂ ਭਾਜਪਾ ਨੂੰ ‘ਕਿਸਾਨ ਅਤੇ ਪੰਜਾਬ ਵਿਰੋਧੀ’ ਦੱਸਦਿਆਂ ਕਿਹਾ ਕਿ 2027 ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ‘ਆਪ’ ਵਿਚਾਲੇ ਹੋਵੇਗਾ।

