Milan Pradhan Nandigram: ਕਾਂਗਰਸ ਉਮੀਦਵਾਰ ਜੇਲ੍ਹ ਭੇਜਿਆ
ਰੇਜੀਨਗਰ ’ਚ ਤ੍ਰਿਣਮੂਲ ਉਮੀਦਵਾਰ ਨੇ ਨਾਂ ਵਾਪਸ ਲੈਣ ਮਗਰੋਂ ਫ਼ੈਸਲਾ ਬਦਲਿਆ
ਨੰਦੀਗ੍ਰਾਮ ਉਪ ਚੋਣ ਲਈ ਕਾਂਗਰਸ ਉਮੀਦਵਾਰ ਮਿਲਨ ਪ੍ਰਧਾਨ ਨੂੰ ਅੱਜ ਹਲਦੀਆ ਦੇ ਵਧੀਕ ਮੁੱਖ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ 3 ਅਕਤੂਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਮਿਲਨ ਪ੍ਰਧਾਨ ਨੂੰ 2007 ਦੇ ਜ਼ਮੀਨ ਐਕੁਆਇਰ ਖ਼ਿਲਾਫ਼ ਅੰਦੋਲਨ ਦੌਰਾਨ ਹੋਏ ਦੰਗਿਆਂ, ਹੱਤਿਆ ਅਤੇ ਅਪਰਾਧਕ ਧਮਕੀ ਨਾਲ ਜੁੜੇ ਘੱਟੋ-ਘੱਟ ਚਾਰ ਮਾਮਲਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਧਾਨ ਨੂੰ ਲੰਘੀ ਸ਼ਾਮ ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਚਾਂਦੀਪੁਰ ਦੇ ਹੋਟਲ ’ਚੋਂ ਪਾਰਟੀ ਦੇ ਇੱਕ ਹੋਰ ਆਗੂ ਸੁਭਾਸ਼ੀਸ਼ ਭੱਟਾਚਾਰੀਆ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਭੱਟਾਚਾਰੀਆ ਨੂੰ ਪ੍ਰਧਾਨ ਨੂੰ ਫੜਨ ਤੋਂ ਪੁਲੀਸ ਨੂੰ ਕਥਿਤ ਤੌਰ ’ਤੇ ਰੋਕਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਖ਼ਿਲਾਫ਼ ਤਿੰਨ ਕੇਸ ਨੰਦੀਗ੍ਰਾਮ ਥਾਣੇ ਅਤੇ ਇੱਕ ਖਜੂਰੀ ਥਾਣੇ ’ਚ ਦਰਜ ਹੈ।
ਇਸੇ ਦੌਰਾਨ ਪੱਛਮੀ ਬੰਗਾਲ ਵਿਧਾਨ ਸਭਾ ਦੀ ਰੇਜੀਨਗਰ ਸੀਟ ’ਤੇ ਹੋਣ ਵਾਲੀ ਉਪ-ਚੋਣ ’ਚ ‘ਮਮਤਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ’ ਦੇ ਉਮੀਦਵਾਰ ਰਬੀਉਲ ਆਲਮ ਚੌਧਰੀ ਨੇ ਅੱਜ ਨਾਟਕੀ ਘਟਨਾਕ੍ਰਮ ’ਚ ਚੋਣ ਮੈਦਾਨ ਤੋਂ ਹਟਣ ਦਾ ਐਲਾਨ ਕੀਤਾ ਪਰ ਕੁਝ ਘੰਟਿਆਂ ਬਾਅਦ ਹੀ ਕਿਹਾ ਕਿ ਪਾਰਟੀ ਮੁਖੀ ਦੀ ਇੱਛਾ ਅਨੁਸਾਰ ਉਨ੍ਹਾਂ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ। ਇਹ ਘਟਨਾਕ੍ਰਮ ਨੰਦੀਗ੍ਰਾਮ ਉਪ-ਚੋਣ ’ਚ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਪਾਰਟੀ ਦੀ ਉਮੀਦਵਾਰ ਸੰਚਿਤਾ ਪ੍ਰਧਾਨ ਡੇ ਦੇ ਆਪਣਾ ਨਾਂ ਵਾਪਸ ਲੈਣ ਤੋਂ ਇੱਕ ਦਿਨ ਬਾਅਦ ਵਾਪਰਿਆ ਹੈ। ਟੀ ਐੱਮ ਸੀ ਦੇ ਸਾਬਕਾ ਵਿਧਾਇਕ ਨੇ ਆਪਣਾ ਨਾਂ ਵਾਪਸ ਲੈਣ ਤੋਂ ਕੁਝ ਘੰਟੇ ਬਾਅਦ ਕਿਹਾ, ‘‘ਮੈਂ ਉਪ ਚੋਣ ਲੜਾਂਗਾ। ਪਾਰਟੀ ਮੁਖੀ (ਬੈਨਰਜੀ) ਦੇ ਦਖ਼ਲ ਮਗਰੋਂ ਪੁਲੀਸ ਨੇ ਮੈਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਮੇਰੀ ਪਾਰਟੀ ਮੁਖੀ ਨਾਲ ਗੱਲ ਹੋਈ ਹੈ ਜਿਨ੍ਹਾਂ ਮੈਨੂੰ ਚੋਣ ਮੈਦਾਨ ਤੋਂ ਨਾ ਹਟਣ ਲਈ ਕਿਹਾ ਹੈ।’’
ਪ੍ਰਧਾਨ ਦੀ ਗ੍ਰਿਫ਼ਤਾਰੀ ਨੂੰ ਕੌਮੀ ਮੁੱਦਾ ਬਣਾਵਾਂਗੇ: ਵੇਣੂਗੋਪਾਲ
ਤਿਰੂਵਨੰਤਪੁਰਮ: ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਨੰਦੀਗ੍ਰਾਮ ਉਪ ਚੋਣ ਲਈ ਐਲਾਨੇ ਆਪਣੇ ਉਮੀਦਵਾਰ ਮਿਲਨ ਪ੍ਰਧਾਨ ਨੂੰ ਨਹੀਂ ਹਟਾਏਗੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਮੁੱਦਾ ਕੌਮੀ ਪੱਧਰ ’ਤੇ ਚੁੱਕੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਨੂੰ ਬੀਤੇ ਦਿਨ 2007 ਦੇ ਨੰਦੀਗ੍ਰਾਮ ਜ਼ਮੀਨ ਐਕੁਆਇਰ ਖ਼ਿਲਾਫ਼ ਅੰਦੋਲਨ ਨਾਲ ਜੁੜੇ ਪੁਰਾਣੇ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ
ਚੋਣ ਨਿਸ਼ਾਨ ’ਤੇ ਰੋਕ ਖ਼ਿਲਾਫ਼ ਮਮਤਾ ਬੈਨਰਜੀ ਸੁਪਰੀਮ ਕੋਰਟ ਪੁੱਜੀ
ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਦੋ ਵਿਰੋਧੀ ਧੜਿਆਂ ਦਰਮਿਆਨ ਵਿਵਾਦ ਕਾਰਨ ਪਾਰਟੀ ਦੇ ਨਾਂ ਅਤੇ ਚੋਣ ਨਿਸ਼ਾਨ ਦੀ ਵਰਤੋਂ ’ਤੇ ਚੋਣ ਕਮਿਸ਼ਨ ਦੀ ਰੋਕ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਚੋਣ ਕਮਿਸ਼ਨ ਨੇ ਬੀਤੇ ਦਿਨ ਦੋਵਾਂ ਧੜਿਆਂ ਨੂੰ ਵੱਖ ਵੱਖ ਨਾਂ ਅਤੇ ਚੋਣ ਨਿਸ਼ਾਨ ਅਲਾਟ ਕੀਤੇ ਸਨ। ਇਸ ਤੋਂ ਇੱਕ ਦਿਨ ਪਹਿਲਾਂ ਕਮਿਸ਼ਨ ਨੇ ਅੰਤਰਿਮ ਹੁਕਮ ਜਾਰੀ ਕਰਦਿਆਂ ਵਿਵਾਦ ਦਾ ਠੋਸ ਹੱਲ ਹੋਣ ਤੱਕ ਦੋਵਾਂ ਧੜਿਆਂ ਨੂੰ ‘ਆਲ ਇੰਡੀਆ ਤ੍ਰਿਣਮੂਲ ਕਾਂਗਰਸ’ ਨਾਂ ਅਤੇ ਉਸ ਦੇ ਰਾਖਵੇਂ ਚੋਣ ਨਿਸ਼ਾਨ ‘ਦੋ ਫੁੱਲ ਅਤੇ ਘਾਹ’ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਸੀ। ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ’ਚ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਅਤੇ ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਿਤਬ੍ਰਤ ਬੈਨਰਜੀ ਨੂੰ ਧਿਰ ਬਣਾਇਆ ਹੈ। ਮਮਤਾ ਬੈਨਰਜੀ ਨੇ 18 ਸਤੰਬਰ ਨੂੰ ਤ੍ਰਿਣਮੂਲ ਕਾਂਗਰਸ ਦੇ ਨਾਂ ਅਤੇ ਚੋਣ ਨਿਸ਼ਾਨ ’ਤੇ ਰੋਕ ਸਬੰਧੀ ਚੋਣ ਕਮਿਸ਼ਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਸੀ। -ਪੀਟੀਆਈ

