ਨਵੀਂ ਦਿੱਲੀ, 12 ਸਤੰਬਰ
ਕਾਂਗਰਸ ਨੇ ਭਾਜਪਾ ’ਤੇ ‘ਸੰਸਦ ਨੂੰ ਇਕਪਾਸੜ ਤੇ ਪੱਖਪਾਤੀ ਚੀਜ਼’ ਬਣਾਉਣ ਦਾ ਦੋਸ਼ ਲਾਇਆ ਹੈ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸੱਤਾਧਾਰੀ ਧਿਰ ਦਾ ਚੋਣ ਨਿਸ਼ਾਨ ‘ਕਮਲ’ ਸੰਸਦ ਦੇ ਸਟਾਫ਼ ਦੀ ਨਵੀਂ ਵਰਦੀ ਉਤੇ ਪ੍ਰਿੰਟ ਕੀਤਾ ਜਾ ਰਿਹਾ ਹੈ। ਲੋਕ ਸਭਾ ਵਿਚ ਕਾਂਗਰਸ ਦੇ ਵਿਪ੍ਹ ਮਨਿਕਮ ਟੈਗੋਰ ਨੇ ਸਵਾਲ ਕੀਤਾ ਕਿ ‘ਕਮਲ’ ਕਿਉਂ ਲਾਇਆ ਜਾ ਰਿਹਾ ਹੈ, ਬਾਘ ਜਾਂ ਮੋਰ ਕਿਉਂ ਨਹੀਂ ਪ੍ਰਿੰਟ ਕੀਤਾ ਗਿਆ, ਜੋ ਕਿ ਦੇਸ਼ ਦੇ ਕੌਮੀ ਪਸ਼ੂ ਅਤੇ ਪੰਛੀ ਹਨ। ਉਨ੍ਹਾਂ ਵਿਅੰਗ ਕੀਤਾ, ‘ਅੱਛਾ, ਕਿਉਂਕਿ ਇਹ ਭਾਜਪਾ ਦੇ ਚੋਣ ਨਿਸ਼ਾਨ ਨਹੀਂ ਹਨ। ਸ੍ਰੀਮਾਨ ਓਮ ਬਿਰਲਾ ਇਹ ਨਿਘਾਰ ਕਿਉਂ?’ ਟੈਗੋਰ ਨੇ ਕਿਹਾ, ‘ਉਹ ਕਿੰਨੇ ਨਿੱਘਰੇ ਹੋਏ ਹਨ। ਉਨ੍ਹਾਂ ਜੀ20 ਵਿਚ ਵੀ ਅਜਿਹਾ ਹੀ ਕੀਤਾ। ਹੁਣ ਫਿਰ ਅਜਿਹਾ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਇਹ ਕੌਮੀ ਫੁੱਲ ਹੈ। ਇਸ ਤਰ੍ਹਾਂ ਦੀ ਹੋਛੀ ਮਾਨਸਿਕਤਾ ਠੀਕ ਨਹੀਂ ਹੈ। ਆਸ ਹੈ ਕਿ ਭਾਜਪਾ ਸਿਆਣਪ ਵਰਤੇਗੀ ਤੇ ਸੰਸਦ ਨੂੰ ਇਕਪਾਸੜ ਤੇ ਪੱਖਪਾਤੀ ਨਹੀਂ ਬਣਾਏਗੀ।’ ਉਨ੍ਹਾਂ ਕਿਹਾ ਕਿ ਸੰਸਦ ਇਕ ਪਾਰਟੀ ਦੇ ਚੋਣ ਨਿਸ਼ਾਨ ਦਾ ਹਿੱਸਾ ਬਣ ਰਹੀ ਹੈ। ਇਹ ਮੰਦਭਾਗਾ ਹੈ, ਕਿਉਂਕਿ ਸੰਸਦ ਸਾਰੀਆਂ ਪਾਰਟੀਆਂ ਤੋਂ ਉਤੇ ਹੈ। -ਪੀਟੀਆਈ