ਕਾਂਗਰਸ ਤੇ ਵਿਰੋਧੀ ਪਾਰਟੀਆਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਨਾਇਡੂ ਵੱਲੋਂ ਰੱਦ, ਮੁਅੱਤਲ ਮੈਂਬਰਾਂ ਨੂੰ ਆਪਣੇ ਕੀਤੇ ’ਤੇ ਪਛਤਾਵਾ ਨਾ ਹੋਣ ਦਾ ਤਰਕ ਦਿੱਤਾ, ਖੜਗੇ ਨੇ ਜੋਸ਼ੀ ਵੱਲੋਂ ਪੇਸ਼ ਮਤੇ ਨੂੰ ਨੇਮਾਂ ਦੀ ਉਲੰਘਣਾ ਦੱਸਿਆ

ਕਾਂਗਰਸ ਤੇ ਵਿਰੋਧੀ ਪਾਰਟੀਆਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਰਾਜ ਸਭਾ ’ਚੋਂ ਮੁਅੱਤਲ ਕੀਤੇ ਮੈਂਬਰ ਸੰਸਦ ਭਵਨ ਵਿੱਚ ਆਪਣੀ ਮੁਅੱਤਲੀ ਖਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 30 ਨਵੰਬਰ

ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਕਾਂਗਰਸੀ ਤੇ ਹੋਰਨਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅੱਜ ਚੇਅਰਮੈਨ ਐੱਮ.ਵੈਂਕਈਆ ਨਾਇਡੂ ਵੱਲੋਂ 12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਨਿਆਂਸੰਗਤ ਦੱਸਣ ’ਤੇ ਰਾਜ ਸਭਾ ’ਚੋਂ ਵਾਕਆਊਟ ਕੀਤਾ। ਨਾਇਡੂ ਨੇ ਵਿਰੋਧੀ ਧਿਰਾਂ ਦੀ ਮੁਅੱਤਲੀ ਦੇ ਹੁਕਮ ਵਾਪਸ ਲੈਣ ਦੀ ਮੰਗ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਇਨ੍ਹਾਂ 12 ਸੰਸਦ ਮੈਂਬਰਾਂ ਨੂੰ ਪਿਛਲੇ ਮੌਨਸੂਨ ਇਜਲਾਸ ਦੌਰਾਨ ਸੰਸਦ ਦੀ ਮਰਿਆਦਾ ਭੰਗ ਕਰਨ ਨਾਲ ਜੁੜੀ ਆਪਣੀ ਕਾਰਵਾਈ ’ਤੇ ਕੋਈ ਪਛਤਾਵਾ ਨਹੀਂ ਹੈ। ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸੀ ਲੀਡਰ ਮਲਿਕਾਰਜੁਨ ਖੜਗੇ ਨੇ ਮੁਅੱਤਲੀ ਦਾ ਫੈਸਲਾ ਵਾਪਸ ਲੈਣ ਸਬੰਧੀ ਅਪੀਲ ਕੀਤੀ ਸੀ।

ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਮੰਗਲਵਾਰ ਨੂੰ ਵਿਰੋਧੀ ਧਿਰਾਂ ਦੇ ਆਗੂ ਸਦਨ ਵਿੱਚ ਰੋਸ ਪ੍ਰਗਟ ਕਰਦੇ ਹੋਏ। -ਫੋਟੋ:ਪੀਟੀਆਈ

ਸ੍ਰੀ ਨਾਇਡੂ ਨੇ ਕਿਹਾ, ‘‘ਮਤਾ (ਵਿਰੋਧੀ ਪਾਰਟੀਆਂ ਦੇ 12 ਸੰਸਦ ਮੈਂਬਰਾਂ ਦੀ ਮੁਅੱਤਲੀ) ਪੇਸ਼ ਕੀਤਾ ਜਾ ਚੁੱਕਾ ਹੈ, ਇਹ ਪਾਸ ਵੀ ਹੋ ਗਿਆ ਤੇ ਕਾਰਵਾਈ ਵੀ ਹੋ ਚੁੱਕੀ ਹੈ ਤੇ ਇਹ ਫਾਈਨਲ ਹੈ।’’ ਨਾਇਡੂ ਨੇ ਕਿਹਾ ਕਿ ਉਹ ਖੜਗੇ ਦੀ ਅਪੀਲ ’ਤੇ ਇਸ ਲਈ ਗੌਰ ਨਹੀਂ ਕਰ ਰਹੇ ਕਿਉਂਕਿ ਮੁਅੱਤਲ ਕੀਤੇ ਸੰਸਦ ਮੈਂਬਰਾਂ ਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ ਬਲਕਿ ਉਹ ਆਪਣੀ ਕਾਰਵਾਈ ਨੂੰ ਨਿਆਂਸੰਗਤ ਦੱਸ ਰਹੇ ਹਨ। ਉਨ੍ਹਾਂ ਕਿਹਾ, ‘‘ਤੁਸੀਂ ਸਦਨ ਨੂੰ ਗੁੰਮਰਾਹ ਕਰਨ  ਦੀ ਕੋਸ਼ਿਸ਼ ਕੀਤੀ, ਤੁਸੀਂ ਸਦਨ ਦੀ ਕਾਰਵਾਈ ’ਚ ਵਿਘਨ ਪਾਇਆ, ਤੁਸੀਂ ਮੇਜ਼ ਪਟਕੇ, ਤੁਸੀਂ ਚੇਅਰ ’ਤੇ ਪੇਪਰ ਸੁੱਟੇ ਤੇ ਇਨ੍ਹਾਂ ਵਿੱਚੋਂ ਕੁਝ ਤਾਂ ਮੇਜ਼ ’ਤੇ ਚੜ੍ਹ ਗਏ ਤੇ ਫਿਰ ਤੁਸੀਂ ਮੈਨੂੰ ਸਬਕ ਦੇ ਰਹੇ ਹੋ। ਇਹ ਕੋਈ ਤਰੀਕਾ ਨਹੀਂ ਹੈ।’’ ਨਾਇਡੂ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਵਿਰੋਧੀ ਧਿਰ ਦੇ ਆਗੂ ਵੱਲੋਂ ਕੀਤੀ ਅਪੀਲ ’ਤੇ ਗੌਰ ਕਰਨੀ ਬਣਦੀ ਹੈ। ਮੈਂ ਇਸ ’ਤੇ ਉੱਕਾ ਹੀ ਵਿਚਾਰ ਨਹੀਂ ਕਰ ਰਿਹਾ।’’ ਇਸ ਤੋਂ ਪਹਿਲਾਂ ਅੱਜ ਜਿਉਂ ਹੀ ਰਾਜ ਸਭਾ ਜੁੜੀ ਤਾਂ ਖੜਗੇ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਲੰਘੇ ਦਿਨ 12 ਸੰਸਦ ਮੈਂਬਰਾਂ ਦੀ ਮੁਅੱਤਲੀ ਲਈ ਪੇਸ਼ ਮਤੇ ਨੂੰ ਨੇਮਾਂ ਦੀ ਬੱਜਰ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂਬਰਾਂ ਨੇ ਕਥਿਤ ‘ਗ਼ਲਤ ਵਿਹਾਰ’ ਪਿਛਲੇ ਮੌਨਸੂਨ ਇਜਲਾਸ ’ਚ ਕੀਤਾ ਜਦੋਂਕਿ ਉਨ੍ਹਾਂ ਖਿਲਾਫ਼ ਕਾਰਵਾਈ ਮੌਜੂਦਾ ਸਰਦ ਰੁੱਤ ਇਜਲਾਸ ’ਚ ਕੀਤੀ ਗਈ ਹੈ। ਖੜਗੇ ਨੇ ਕਿਹਾ ਕਿ ਨੇਮਾਂ ਮੁਤਾਬਕ ਮੁਅੱਤਲੀ ਲਈ ਮਤਾ ਪੇਸ਼ ਕਰਨ ਤੋਂ ਪਹਿਲਾਂ ਚੇਅਰ ਵੱਲੋਂ ਸਬੰਧਤ ਮੈਂਬਰਾਂ ਦੇ ਨਾਂ ਲਏ ਜਾਂਦੇ ਹਨ, ਤੇ ਲੰਘੇ ਦਿਨ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਲਈ ਪੇਸ਼ ਮਤੇ ਮੌਕੇ ਅਜਿਹਾ ਕੁਝ ਨਹੀਂ ਹੋਇਆ। ਖੜਗੇ ਨੇ ਕਿਹਾ ਕਿ ਚੇਅਰ ਵੱਲੋਂ ਜਿਸ ਮੈਂਬਰ ਦਾ ਨਾਂ ਲਿਆ ਜਾਂਦਾ ਹੈ, ਉਸ ਨੂੰ ਸਦਨ ਦੀ ਕਾਰਵਾਈ ਤੋਂ ਬਾਹਰ ਹੋਣਾ ਪੈਂਦਾ ਹੈ। ਜਿਨ੍ਹਾਂ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿਚੋਂ 6 ਕਾਂਗਰਸ, 2-2 ਟੀਐੱਮਸੀ ਤੇ ਸ਼ਿਵ ਸੈਨਾ ਅਤੇ ਸੀਪੀਆਈ ਤੇ ਸੀਪੀਐੱਮ ਦਾ ਇਕ ਇਕ ਮੈਂਬਰ ਸ਼ਾਮਲ ਹੈ। ਨਾਇਡੂ ਨੇ ਖੜਗੇ ਦੇ ਇਸ ਦਾਅਵੇ ਕਿ ਮੌਨਸੂਨ ਇਜਲਾਸ ਦੌਰਾਨ ਪਏ ਰੌਲੇ-ਰੱਪੇ ਲਈ ਹੁਣ ਕਾਰਵਾਈ ਕੀਤੀ ਗਈ ਹੈ, ਨੂੰ ਰੱਦ ਕਰਦਿਆਂ ਕਿਹਾ ਕਿ ਰਾਜ ਸਭਾ ‘ਲਗਾਤਾਰ ਚੱਲਣ ਵਾਲੀ ਸੰਸਥਾ’ ਹੈ ਤੇ ਸਦਨ ਦੇ ਚੇਅਰਮੈਨ ਨੂੰ ਗ਼ਲਤ ਵਿਹਾਰ ਕਰਨ ਵਾਲੇ ਮੈਂਬਰਾਂ ਨੂੰ ਧਾਰਾ 256, 259 ਤੇ 266 ਤਹਿਤ ਮੁਅੱਤਲ ਕਰਨ ਦੀ ਪੂਰਾ ਇਖ਼ਤਿਆਰ ਹੈ। ਉਨ੍ਹਾਂ ਕਿਹਾ ਕਿ ਚੇਅਰ ਨੇ 10 ਅਗਸਤ ਨੂੰ, ਜਦੋਂ ਵਿਰੋਧੀ ਧਿਰ ਦੇ ਮੈਂਬਰਾਂ ਕੁਝ ਮੁੱਦਿਆਂ ’ਤੇ ਬਹਿਸ ਦੀ ਮੰਗ ਕਰਦਿਆਂ ਹੁੱਲੜਬਾਜ਼ੀ ਕੀਤੀ ਸੀ, ਤਾਂ ਸਬੰਧਤ ਮੈਂਬਰਾਂ ਦੇ ਨਾਂ ਲਏ ਸਨ। ਨਾਇਡੂ ਨੇ ਕਿਹਾ, ‘ਚੇਅਰਮੈਨ ਅਤੇ ਸਦਨ ਦੋਵੇਂ ਕਾਰਵਾਈ ਕਰ ਸਕਦੇ ਹਨ। ਲੰਘੇ ਦਿਨ ਜੋ ਕੁਝ ਹੋਇਆ ਉਹ ਚੇਅਰਮੈਨ ਵੱਲੋਂ ਕੀਤੀ ਕਾਰਵਾਈ ਨਹੀਂ ਬਲਕਿ ਸਦਨ ਵੱਲੋਂ ਪੇਸ਼ ਮਤੇ ’ਤੇ ਕੀਤੀ ਕਾਰਵਾਈ ਸੀ।’’ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਚੇਅਰਮੈਨ (ਨਾਇਡੂ) ਦੀ ਇਸ ਟਿੱਪਣੀ ਕਿ ਮਤਾ ਜ਼ੁਬਾਨੀ ਵੋਟ ਨਾਲ ਪਾਸ ਹੋਣ ਮਗਰੋਂ ਕਾਰਵਾਈ ਕੀਤੀ ਗਈ ਹੈ, ’ਤੇ ਉਜਰ ਜਤਾਉਂਦਿਆਂ ਕਿਹਾ ਕਿ ਸਿਰਫ਼ ਸੱਤਾਧਾਰੀ ਧਿਰ ਦੇ ਸੰਸਦ ਮੈਂਬਰਾਂ ਨੇ ਹੀ ਜੋਸ਼ੀ ਵੱਲੋਂ ਪੇਸ਼ ਮਤੇ ਨੂੰ ਸਹਿਮਤੀ ਦਿੱਤੀ ਸੀ। ਨਾਇਡੂ ਨੇ ਕਿਹਾ ਕਿ ਮੁਅੱਤਲ ਕੀਤੇ ਸੰਸਦ ਮੈਂਬਰਾਂ ਦੇ ਨਾਂ ਚੇਅਰ ਨੇ 10 ਅਗਸਤ ਨੂੰ ਲਏ ਸਨ। ਉਨ੍ਹਾਂ ਕਿਹਾ, ‘‘10 ਅਗਸਤ ਨੂੰ ਡਿਪਟੀ ਚੇਅਰਮੈਨ (ਜੋ ਉਸ ਮੌਕੇ ਚੇਅਰ ’ਤੇ ਮੌਜੂਦ ਸਨ) ਨੇ ਕਈ ਵਾਰ ਅਪੀਲ ਕੀਤੀ। ਮਗਰੋ ਰਾਜ ਸਭਾ ਦੇ ਬੁਲੇਟਿਨ ਵਿੱਚ ਵੀ ਹੁੱਲੜਬਾਜ਼ੀ ਕਰਨ ਵਾਲੇ ਮੈਂਬਰਾਂ ਦੇ ਨਾਂ ਪ੍ਰਕਾਸ਼ਿਤ ਕੀਤੇ ਗਏ।’’ ਨਾਇਡੂ ਦੇ ਫੈਸਲੇ ਨਾਲ ਅਸਹਿਮਤ ਕਾਂਗਰਸ, ਆਪ, ਆਰਜੇਡੀ ਤੇ ਖੱਬੀਆਂ ਪਾਰਟੀਆਂ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਾਇਡੂ ਨੇ ਨਾਅਰੇਬਾਜ਼ੀ ਨੂੰ ਨਜ਼ਰਅੰਦਾਜ਼ ਕਰਦਿਆਂ ਸਿਫ਼ਰ ਕਾਲ ਦੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਸਦਨ ’ਚੋਂ ਵਾਕਆਊਟ ਕਰ ਗਏ।

ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਮੰਗਲਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਪਰਨੀਤ ਕੌਰ, ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਅਤੇ ਜਸਬੀਰ ਸਿੰਘ ਡਿੰਪਾ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ

ਤ੍ਰਿਣਮੂਲ ਕਾਂਗਰਸ ਦੇ ਮੈਂਬਰ ਵੀ ਥੋੜ੍ਹੀ ਦੇਰ ਬਾਅਦ ਵਾਕਆਊਟ ਕਰ ਗਏ, ਪਰ ਇਸ ਤੋਂ ਪਹਿਲਾਂ ਪਾਰਟੀ ਆਗੂ ਡੈਰੇਕ ਓਬ੍ਰਾਇਨ ਨੇ ਕਿਹਾ ਕਿ ਵਿਰੋਧੀ ਧਿਰ ਦੀ ਥਾਂ ਸੱਤਾਧਾਰੀ ਧਿਰ ਦੇ 80 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨਾ ਬਣਦਾ ਸੀ, ਜਿਨ੍ਹਾਂ ਪਿਛਲੇ ਮੌਨਸੂਨ ਇਜਲਾਸ ਦੌਰਾਨ ਕੁਝ ਵਿਚਾਰ ਚਰਚਾਵਾਂ ਵਿੱਚ ਅੜਿੱਕਾ ਪਾਇਆ ਸੀ। ਕਾਹਲੀ ਨਾਲ ਪਾਸ ਕੀਤੇ ਬਿਲਾਂ ਦੇ ਹਵਾਲੇ ਨਾਲ ਨਾਇਡੂ ਨੇ ਕਿਹਾ, ‘‘ਪਹਿਲਾਂ ਰੌਲਾ ਗੌਲਾ ਪਾਇਆ ਜਾਂਦਾ ਹੈ ਤੇ ਫਿਰ ਤੁਸੀਂ ਵਿਚਾਰ ਚਰਚਾ ’ਚ ਸ਼ਾਮਲ ਨਹੀਂ ਹੁੰਦੇ। ਮੈਨੂੰ ਡਰ ਹੈ ਕਿ ਜੇਕਰ ਇਹੀ ਰੁਝਾਨ ਜਾਰੀ ਰਿਹਾ ਤਾਂ ਲੋਕਾਂ ਦਾ ਇਸ ਪ੍ਰਬੰਧ ਤੋਂ ਵਿਸ਼ਵਾਸ ਉੱਠ ਜਾਵੇਗਾ, ਜੋ ਕਿ ਦੇਸ਼ ਲਈ ਬਹੁਤ ਘਾਤਕ ਹੋਵੇਗਾ। ਤੁਹਾਨੂੰ ਵਿਰੋਧ ਦਰਜ ਕਰਵਾਉਣ ਦਾ ਪੂਰਾ ਹੱਕ ਹੈ। ਤੁਸੀਂ ਵਾਕਆਊਟ ਕਰਦੇ ਹੋ...ਤੁਹਾਨੂੰ ਉਸ ਦਾ ਵੀ ਪੂਰਾ ਹੱਕ ਹੈ। ਮੈਂ ਸਦਨ ਨੂੰ ਵੀ ਅਪੀਲ ਕਰਦਾ ਹਾਂ...ਜੇਕਰ ਕੋਈ ਵਾਕਆਊਟ ਕਰਦਾ ਹੈ ਤਾਂ ਕ੍ਰਿਪਾ ਕਰਕੇ ਕੋਈ ਟਿੱਪਣੀਆਂ ਨਾ ਕੀਤੀਆਂ ਜਾਣ। ਵਾਕਆਊਟ ਕਰਨਾ ਉਨ੍ਹਾਂ ਦਾ ਜਮਹੂਰੀ ਅਧਿਕਾਰ ਹੈ।’’ ਨਾਇਡੂ ਨੇ ਕਿਹਾ ਕਿ ਉਹ ਇਥੇ ਸਰਕਾਰ ਦਾ ਬਚਾਅ ਕਰਨ ਲਈ ਨਹੀਂ ਬੈਠੇ ਬਲਕਿ ਇਹ ਵੇਖਣ ਲਈ ਬੈਠੇ ਹਨ ਕਿ ਮੈਂਬਰ ਸੰਸਦ ਤੇ ਲੋਕ ਫਤਵੇ ਦੀ ਅਵੱਗਿਆ ਨਾ ਕਰਨ। -ਪੀਟੀਆਈ  

ਖਿਮਾ ਮੰਗਣ ਤੱਕ ਮੁਅੱਤਲ ਸੰਸਦ ਮੈਂਬਰਾਂ ਨੂੰ ਮੁਆਫ਼ ਨਹੀਂ ਕਰ ਸਕਦੇ: ਗੋਇਲ

ਨਵੀਂ ਦਿੱਲੀ: ਭਾਜਪਾ ਨੇ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਤਰਕਸੰਗਤ ਦਸਦਿਆਂ ਕਿਹਾ ਕਿ ਪਿਛਲੇ ਮੌਨਸੂਨ ਇਜਲਾਸ ਦੌਰਾਨ ਕੀਤੇ ਗ਼ਲਤ ਵਿਹਾਰ ਲਈ ਇਹ ਘੱਟੋ ਘੱਟ ਸਜ਼ਾ ਹੈ। ਰਾਜ ਸਭਾ ਵਿੱਚ ਸੱਤਾਧਾਰੀ ਧਿਰ ਦੇ ਆਗੂ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਦੋਂ ਤੱਕ ਮੁਅੱਤਲ ਸੰਸਦ ਮੈਂਬਰ ਖਿਮਾ ਨਹੀਂ ਮੰਗਦੇ, ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਚੇਤੇ ਰਹੇ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੰਘੇ ਦਿਨ ਇਸ ਮੰਗ ਨੂੰ ਖਾਰਜ ਕਰ ਦਿੱਤਾ ਸੀ ਕਿ ਇਨ੍ਹਾਂ ਸੰਸਦ ਮੈਂਬਰਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਗੋਇਲ ਨੇ ਸਵਾਲ ਕੀਤਾ ਕਿ ਕੀ ਰਾਹੁਲ ਗਾਂਧੀ ਸੰਸਦ ਮੈਂਬਰਾਂ ਵੱਲੋਂ ਸਦਨ ਦੀਆਂ ਮਹਿਲਾ ਮਾਰਸ਼ਲਾਂ ’ਤੇ ਕੀਤੇ ਹਮਲੇ ਦੀ ਤਾਈਦ ਕਰਦੇ ਹਨ। ਗੋਇਲ ਨੇ ਕਿਹਾ ਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਸਦਨ ਦਾ ਹੀ ਨਹੀਂ ਬਲਕਿ ਚੇਅਰਮੈਨ ਦਾ ਵੀ ਨਿਰਾਦਰ ਕੀਤਾ ਹੈ। -ਪੀਟੀਆਈ 

ਮੁਅੱਤਲੀ ਦਾ ਫੈਸਲਾ ਸੋਚਿਆ ਸਮਝਿਆ ਤੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਲਈ: ਕਾਂਗਰਸ

ਨਵੀਂ ਦਿੱਲੀ: ਰਾਜ ਸਭਾ ਵਿੱਚ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਹਵਾਲੇ ਨਾਲ ਕਾਂਗਰਸ ਨੇ ਅੱਜ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਸੰਸਦ ਚੱਲੇ ਤਾਂ ਜੋ ਮਹਿੰਗਾਈ ਤੇ ਆਮ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਪਰਦਾ ਪਿਆ ਰਹੇ। ਕਾਂਗਰਸ ਨੇ ਮੰਗ ਕੀਤੀ ਕਿ ਸਰਕਾਰ ਮੈਂਬਰਾਂ ਨੂੰ ‘ਗ਼ਲਤ ਢੰਗ’ ਨਾਲ ਮੁਅੱਤਲ ਕਰਨ ਬਦਲੇ ਉਨ੍ਹਾਂ ਤੋਂ ਮੁਆਫ਼ੀ ਮੰਗੇ। ਪਾਰਟੀ ਤਰਜਮਾਨ ਸ਼ਕਤੀਸਿੰਹ ਗੋਹਿਲ ਨੇ ਕਿਹਾ ਕਿ ਮੁਅੱਤਲ ਸੰਸਦ ਮੈਂਬਰਾਂ ਦੇ ਸਰਕਾਰ ਤੋਂ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਹ ਤਾਂ ਸੰਸਦ ਵਿੱਚ ਜਮਹੂਰੀ ਤਰੀਕੇ ਨਾਲ ਲੋਕਾਂ ਨਾਲ ਜੁੜੇ ਮੁੱਦੇ ਹੀ ਚੁੱਕ ਰਹੇ ਸਨ, ਪਰ ਸਰਕਾਰ ਨੇ ਸੰਸਦੀ ਨੇਮਾਂ ਦੀ ਉਲੰਘਣਾ ਦੇ ਹਵਾਲੇ ਨਾਲ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਗੋਹਿਲ ਨੇ ਸਰਕਾਰ ’ਤੇ ‘ਜਮਹੂਰੀਅਤ ਦਾ ਗ਼ਲਾ’ ਘੁੱਟਣ ਦਾ ਵੀ ਦੋਸ਼ ਲਾਇਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All