ਕਾਂਗਰਸ ਨੇ ਮੋਦੀ ਸਰਕਾਰ ’ਤੇ 10 ਹਜ਼ਾਰ ਕਰੋੜ ਰੁਪਏ ਦੇ ਇਨਕਮ ਟੈਕਸ ਚੋਰੀ ਘੁਟਾਲੇ ਦਾ ਦੋਸ਼ ਲਾਉਂਦਿਆਂ ਇਸ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਮੁਲਕ ’ਚ 3,260 ਰਜਿਸਟਰਡ ਗ਼ੈਰ-ਮਾਨਤਾ ਪ੍ਰਾਪਤ ਪਾਰਟੀਆਂ ਦੀ ਆੜ ਹੇਠ ਕਾਲੇ ਧਨ ਨੂੰ ਸਫ਼ੈਦ ਬਣਾਇਆ ਜਾ ਰਿਹਾ ਹੈ। ਪਾਰਟੀ ਨੇ ਯਾਦ ਕਰਵਾਇਆ ਕਿ ਕਿਵੇਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਸਨ ਪਰ ਹੁਣ ਇਸ ਟੈਕਸ ਘੁਟਾਲੇ ਬਾਰੇ ਕੋਈ ਜਾਂਚ ਨਹੀਂ ਕੀਤੀ ਜਾ ਰਹੀ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਸਰਕਾਰ ਨੂੰ ਘੇਰਦਿਆਂ ਸਵਾਲ ਕੀਤਾ ਕਿ ਕਥਿਤ ਘੁਟਾਲੇ ਦਾ ਅਸਲ ਸਾਜ਼ਿਸ਼ਘਾੜਾ ਕੌਣ ਹੈ ਅਤੇ ਇਸ ਦਾ ਮੋਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਇਸ ਦੌਰਾਨ ਕਾਂਗਰਸ ਆਗੂ ਸ਼ਕਤੀਸਿੰਹ ਗੋਹਿਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੰਗ ਕੀਤੀ ਫ਼ਰਜ਼ੀ ਪਾਰਟੀਆਂ ਖ਼ਿਲਾਫ਼ 200 ਫ਼ੀਸਦੀ ਜੁਰਮਾਨਾ ਲਗਾ ਕੇ ਅਪਰਾਧਿਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਐਕਟ ਦੀਆਂ ਧਾਰਾਵਾਂ ਤਹਿਤ ਸਿਆਸੀ ਚੰਦੇ ਰਾਹੀਂ ਟੈਕਸ ਜ਼ੀਰੋ ਹੋ ਜਾਂਦਾ ਹੈ ਅਤੇ ਕਰੀਬ 10 ਹਜ਼ਾਰ ਕਰੋੜ ਰੁਪਏ ਦੇ ਅਜਿਹੇ ਚੰਦੇ ਇਕੱਠੇ ਕੀਤੇ ਗਏ ਹਨ। ਗੋਹਿਲ ਨੇ ਦੋਸ਼ ਲਾਇਆ ਕਿ ਜਦੋਂ 2025 ’ਚ ਇੱਕ ਐੱਨ ਜੀ ਓ ਦੀ ਰਿਪੋਰਟ ਆਈ ਸੀ ਤਾਂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।

