ਨਵੀਂ ਦਿੱਲੀ: ਕਾਂਗਰਸ ਨੇ ਮੁਲਕ ਵਿਚ ਵਧ ਰਹੇ ਕਰੋਨਾ ਕੇਸਾਂ ਦੀ ਗਿਣਤੀ ’ਤੇ ਪ੍ਰਧਾਨ ਮੰਤਰੀ ਨੂੰ ਘੇਰਦਿਆਂ ਉਨ੍ਹਾਂ ’ਤੇ ਲਾਪ੍ਰਵਾਹੀ, ਬੇਧਿਆਨ ਤੇ ਕਠੋਰ ਹੋਣ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਲਕ ਵਾਸੀਆਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਰਹੇ ਹਨ। ਕਾਂਗਰਸ ਨੇ ਉਨ੍ਹਾਂ ਨੂੰ ‘ਰਾਜ ਧਰਮ’ ਦੀ ਪਾਲਣਾ ਕਰਨ ਲਈ ਕਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਰੋਨਾ ਦਵਾਈ, ਮਰੀਜ਼ਾਂ ਲਈ ਆਕਸੀਜਨ ਅਤੇ ਦਵਾਈਆਂ ਦੇ ਪ੍ਰਬੰਧ ਕਰਨ ਵਿਚ ਲਾਪ੍ਰਵਾਹ ਅਤੇ ਬੇਰਹਿਮ ਰਵੱਈਆ ਅਪਣਾ ਰਹੀ ਹੈ। ਸਰਕਾਰ ਵਧ ਰਹੀ ਕਰੋਨਾ ਦੀ ਲਾਗ ਨੂੰ ਠੱਲ੍ਹ ਪਾਉਣ ਵਿਚ ਕਾਮਯਾਬ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਮੁਲਕ ਵਿਚ 1.85 ਲੱਖ ਕਰੋਨਾ ਕੇਸ ਆਏ ਅਤੇ ਕਰੋਨਾ ਕਾਰਨ 1,027 ਮਰੀਜ਼ਾਂ ਦੀ ਮੌਤ ਹੋ ਗਈ। ਇਸ ਕਾਰਨ ਅਮਰੀਕਾ ਤੋਂ ਬਾਅਦ ਭਾਰਤ ਦੂਜੇ ਸਥਾਨ ’ਤੇ ਆ ਗਿਆ ਹੈ। ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਮੁਲਕ ਵਿਚ ਕਰੋਨਾ ਰੋਕੂ ਦਵਾਈ ਦੀ ਭਾਰੀ ਕਮੀ ਹੋ ਗਈ ਹੈ। ਦੂਜੇ ਪਾਸੇ, ਕੇਂਦਰ ਸਰਕਾਰ ਸੂਬਾ ਸਰਕਾਰਾਂ ’ਤੇ ਬੇਬੁਨਿਆਦ ਅਤੇ ਆਧਾਰਹੀਣ ਦੋਸ਼ ਲਾਉਣ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਵਿਦਿਆਰਥੀਆਂ ਨੂੰ ਕਰੋਨਾ ਦੀ ਲਾਗ ਤੋਂ ਬਚਾਉਣ ਲਈ ਬੋਰਡ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ। -ਪੀਟੀਆਈ
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 17 ਨੂੰ
ਮੁਲਕ ਵਿਚ ਵਧ ਰਹੇ ਕਰੋਨਾ ਕੇਸਾਂ ਬਾਰੇ ਚਰਚਾ ਕਰਨ ਲਈ ਕਾਂਗਰਸ ਵਰਕਿੰਗ ਕਮੇਟੀ 17 ਅਪਰੈਲ ਨੂੰ ਆਨਲਾਈਨ ਮੀਟਿੰਗ ਕਰੇਗੀ। ਇਸ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਰਨਗੇ ਅਤੇ ਇਸ ਦੌਰਾਨ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰਾਂ ਸਣੇ ਪੱਕੇ ਮੈਂਬਰ ਵੀ ਹਾਜ਼ਰ ਹੋਣਗੇ। ਸੂਤਰਾਂ ਅਨੁਸਾਰ ਇਸ ਦੌਰਾਨ ਮੁਲਕ ਵਿਚ ਵਧ ਰਹੇ ਕਰੋਨਾ ਲਾਗ ਦੇ ਮਾਮਲਿਆਂ ’ਤੇ ਚਰਚਾ ਕੀਤੀ ਜਾਵੇਗੀ।
ਪਹਿਲਾਂ ਉਹ ਨਜ਼ਰਅੰਦਾਜ਼ ਕਰਨਗੇ…: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਦੇ ਇਕ ਕਥਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਵਿਦੇਸ਼ੀ ਵੈਕਸੀਨਾਂ ਨੂੰ ਹੰਗਾਮੀ ਹਾਲਤ ’ਚ (ਕੁਝ ਸ਼ਰਤਾਂ ਤਹਿਤ) ਵਰਤੋਂ ਲਈ ਪ੍ਰਵਾਨਗੀ ਦੇਣ ਦਾ ਫੈਸਲਾ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਤੇ ਸੁਝਾਵਾਂ ਕਰਕੇ ਲੈਣਾ ਪਿਆ ਹੈ। ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਦੇ ਕਥਨ ਦੇ ਹਵਾਲੇ ਨਾਲ ਕਿਹਾ, ‘ਪਹਿਲਾਂ ਉਹ ਤੁਹਾਨੂੰ ਨਜ਼ਰਅੰਦਾਜ਼ ਕਰਨਗੇ, ਫਿਰ ਉਹ ਤੁਹਾਡੇ ’ਤੇ ਹੱਸਣਗੇ, ਫਿਰ ਉਹ ਤੁਹਾਡੇ ਨਾਲ ਲੜਨਗੇ ਤੇ ਫਿਰ ਤੁਸੀਂ ਜਿੱਤ ਜਾਓਗੇ।’ ਸਾਬਕਾ ਕਾਂਗਰਸ ਪ੍ਰਧਾਨ ਨੇ ਇਸ ਕਥਨ ਨਾਲ ਮੀਡੀਆ ਰਿਪੋਰਟ ਵੀ ਟੈਗ ਕੀਤੀ ਹੈ। -ਪੀਟੀਆਈ