ਨਾਰੀਵਾਦੀ ਕਮਿਊਨਿਸਟ ਅਤੇ ਉੱਘੇ ਪੱਤਰਕਾਰ ਪੀ ਸਾਈਨਾਥ ਦੀ ਪਤਨੀ ਸੋਨੀਆ ਗਿੱਲ ਦੇ ਦੇਹਾਂਤ ’ਤੇ ਪੰਜਾਬ ਦੇ ਬੁੱਧੀਜੀਵੀਆਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਅਗਸਤ ਦੀ ਸ਼ਾਮ ਨੂੰ ਸੋਨੀਆ ਗਿੱਲ ਆਪਣੇ ਪਤੀ ਪੀ ਸਾਈਨਾਥ ਨਾਲ ਬਾਂਦਰਾ (ਮੁੰਬਈ) ਵਿੱਚ ਸੈਰ ਕਰ ਰਹੇ ਸਨ ਤਾਂ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ‘ਆਲ ਇੰਡੀਆ ਡੈਮੋਕਰੈਟਿਕ ਵਿਮੈੱਨਜ਼ ਐਸੋਸੀਏਸ਼ਨ’ ਦੀ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ। ਇਸੇ ਤਰ੍ਹਾਂ ਉਨ੍ਹਾਂ ਔਰਤਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਲਈ ਵੀ ਲੰਮਾ ਸੰਘਰਸ਼ ਕੀਤਾ।
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰੋ. ਜਗਮੋਹਨ ਸਿੰਘ, ਉੱਘੇ ਲੇਖਕ ਸਵਰਾਜਬੀਰ, ਪ੍ਰੋਫੈਸਰ ਹਰੀਸ਼ ਪੁਰੀ, ਪ੍ਰੋਫੈਸਰ ਚਮਨ ਲਾਲ ਅਤੇ ਦੇਸ਼ ਭਗਤ ਯਾਦਗਾਰ ਟਰੱਸਟ ਜਲੰਧਰ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਉਨ੍ਹਾਂ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ, ਡਾ. ਕੁਲਦੀਪ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ, ਡਾ. ਅਰੁਣ ਮਿੱਤਰਾ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਅਮੋਲਕ ਸਿੰਘ, ਰੈਡੀਕਲ ਪੀਪਲਜ਼ ਫੋਰਮ ਦੇ ਸੁਖਦਰਸ਼ਨ ਨੱਤ, ਜਮਹੂਰੀ ਅਧਿਕਾਰ ਸਭਾ ਦੇ ਨਰਭਿੰਦਰ, ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਖਦੇਵ ਸਿਰਸਾ ਅਤੇ ‘ਪਾਰੀ’ ਦੇ ਸੀਨੀਅਰ ਫੈਲੋ ਵਿਸ਼ਵ ਭਾਰਤੀ ਨੇ ਵੀ ਪੀ ਸਾਈਨਾਥ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਦੀ ਮੌਤ ਨਾਲ ਪੰਜਾਬ ਸਮੇਤ ਦੇਸ਼ ਭਰ ਦੇ ਸਮਾਜਿਕ ਕਾਰਕੁਨਾਂ ਵਿੱਚ ਸੋਗ ਦੀ ਲਹਿਰ ਹੈ।

