ਮੋਦੀ ਖ਼ਿਲਾਫ਼ ਟਿੱਪਣੀ ਕਰਨ ’ਤੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਖ਼ਿਲਾਫ਼ ਸ਼ਿਕਾਇਤ : The Tribune India

ਮੋਦੀ ਖ਼ਿਲਾਫ਼ ਟਿੱਪਣੀ ਕਰਨ ’ਤੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਖ਼ਿਲਾਫ਼ ਸ਼ਿਕਾਇਤ

ਮੋਦੀ ਖ਼ਿਲਾਫ਼ ਟਿੱਪਣੀ ਕਰਨ ’ਤੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਖ਼ਿਲਾਫ਼ ਸ਼ਿਕਾਇਤ

ਕੋਟਾ, 18 ਮਾਰਚ

ਭਾਜਪਾ ਦੇ ਸੂਬਾ ਜਨਰਲ ਸਕੱਤਰ ਮਦਨ ਦਿਲਾਵਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਧਮਕੀ ਭਰੀ ਟਿੱਪਣੀ ਕਰਨ ’ਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕੋਟਾ ਜ਼ਿਲ੍ਹੇ ਦੇ ਰਾਮਗੰਜਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦਿਲਾਵਰ ਨੇ ਮਹਾਵੀਰ ਨਗਰ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਕਾਂਗਰਸੀ ਆਗੂ ਖ਼ਿਲਾਫ਼ ਦੇਸ਼ ਧਰੋਹ ਅਤੇ ਹੋਰ ਦੋਸ਼ਾਂ ਹੇਠ ਕੇਸ ਦਰਜ ਕਰਨ ਦੀ ਮੰਗ ਲਈ ਆਪਣੇ ਸਮਰਥਕਾਂ ਨਾਲ ਕੁੱਝ ਸਮੇਂ ਤੱਕ ਥਾਣੇ ਦੇ ਗੇਟ ’ਤੇ ਧਰਨਾ ਵੀ ਦਿੱਤਾ। ਸਰਕਲ ਅਧਿਕਾਰੀ ਅਮਰ ਸਿੰਘ ਰਾਠੌਰ ਨੇ ਕਿਹਾ ਕਿ ਵਿਧਾਇਕ ਤੋਂ ਸ਼ਿਕਾਇਤ ਪ੍ਰਾਪਤ ਕਰ ਲਈ ਗਈ ਹੈ ਅਤੇ ਦੋਸ਼ਾਂ ਸਬੰਧੀ ਤੱਥਾਂ ਅਤੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਹਾਲਾਂਕਿ ਸ਼ਿਕਾਇਤ ਵਿੱਚ ਜਿਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ, ਉਹ ਮਹਾਵੀਰ ਨਗਰ ਪੁਲੀਸ ਥਾਣੇ ਅਧੀਨ ਖੇਤਰ ਵਿੱਚ ਨਹੀਂ ਵਾਪਰੀ ਹੈ।’’ ਜ਼ਿਕਰਯੋਗ ਹੈ ਕਿ ਜੈਪੁਰ ਵਿੱਚ ਸੋਮਵਾਰ ਨੂੰ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਰੰਧਾਵਾ ਨੇ ਕਿਹਾ ਸੀ ਕਿ ‘ਜੇਕਰ ਅਡਾਨੀ ਅਤੇ ਅੰਬਾਨੀ ਨੂੰ ਹਟਾਉਣਾ ਹੈ ਤਾਂ ਪਹਿਲਾਂ ਮੋਦੀ ਨੂੰ ਖ਼ਤਮ ਕਰਨਾ ਪਵੇਗਾ।’ ਦਿਲਾਵਰ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਰੰਧਾਵਾ ਨੇ ਹਿੰਸਾ ਭੜਕਾਉਣ ਦੇ ਉਦੇਸ਼ ਨਾਲ ‘ਪ੍ਰਧਾਨ ਮੰਤਰੀ ਨੂੰ ਮਾਰਨ ਦੀ ਧਮਕੀ ਦਿੱਤੀ’ ਅਤੇ ਨਫ਼ਰਤ ਫ਼ੈਲਾਉਣ ਲਈ ਇੱਕ ਜਨਤਕ ਮੀਟਿੰਗ ਦੌਰਾਨ ਉਨ੍ਹਾਂ ਖ਼ਿਲਾਫ਼ ਟਿੱਪਣੀਆਂ ਕੀਤੀਆਂ। ਦਿਲਾਵਰ ਨੇ ਧਰਨਾ ਸਥਾਨ ’ਤੇ ਕਿਹਾ ਉਹ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਮਾਮਲਾ ਉਠਾਉਣਗੇ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਅਸੀਂ ਇਸ ਸਬੰਧੀ ਰਿਪੋਰਟ ਦਰਜ ਕਰਵਾਉਣ ਆਏ ਹਾਂ ਪਰ ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਐੱਸਐੱਚਓ ਅਤੇ ਵਧੀਕ ਪੁਲੀਸ ਸੁਪਰਡੈਂਟ (ਏਐੱਸਪੀ) ਨੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।’’ ਦਿਲਾਵਰ ਅਨੁਸਾਰ ਰੰਧਾਵਾ ਦੀਆਂ ਟਿੱਪਣੀਆਂ ਆਈਪੀਸੀ ਦੀਆਂ ਧਾਰਾਵਾਂ 153ਬੀ, 124ਏ ਅਤੇ 506 ਤਹਿਤ ਸਜ਼ਾਯੋਗ ਅਪਰਾਧ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All