ਖ਼ੁਦਮੁਖਤਾਰੀ ਲਈ ਸਮੂਹਿਕ ਸੁਰੱਖਿਆ ਦੀ ਲੋੜ: ਰਾਜਨਾਥ
ਆਸਿਆਨ ਮੈਂਬਰ ਮੁਲਕਾਂ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਚੀਨ ਦੀਆਂ ਸਰਗਰਮੀਆਂ ਨੂੰ ਲੈ ਕੇ ਆਲਮੀ ਪੱਧਰ ’ਤੇ ਵੱਧ ਰਹੀ ਚਿੰਤਾ ਦਰਮਿਆਨ ਅੱਜ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਇਹ ਖ਼ਿੱਤਾ ਖੁੱਲ੍ਹਾ ਅਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਮੁਕਤ ਹੋਣਾ ਚਾਹੀਦਾ ਹੈ। ਕੁਆਲਾਲੰਪੁਰ ’ਚ ਆਸਿਆਨ ਮੈਂਬਰ ਮੁਲਕਾਂ ਅਤੇ ਵਾਰਤਾ ਦੇ ਭਾਈਵਾਲਾਂ ਦੇ ਰੱਖਿਆ ਮੰਤਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਖ਼ਿੱਤੇ ਦੇ ਹਰੇਕ ਮੁਲਕ ਦੀ ਖੁਦਮੁਖਤਾਰੀ ਯਕੀਨੀ ਬਣਾਉਣ ਲਈ ਸਮੂਹਿਕ ਸੁਰੱਖਿਆ ਦੀ ਪਹੁੰਚ ਅਪਣਾਉਣ ’ਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਸਮੁੰਦਰੀ ਕਾਨੂੰਨ ਬਾਰੇ ਕਾਨੂੰਨ ਦੀ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਪਾਲਣਾ ’ਤੇ ਜ਼ੋਰ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਹਾਜ਼ਰਾਨੀ ਅਤੇ ਉਡਾਣ ਦੀ ਖੁੱਲ੍ਹ ਦੀ ਹਮਾਇਤ ਕਿਸੇ ਮੁਲਕ ਖ਼ਿਲਾਫ਼ ਨਹੀਂ, ਸਗੋਂ ਸਾਰੇ ਖੇਤਰੀ ਧਿਰਾਂ ਦੇ ਹਿੱਤਾਂ ਦੀ ਰੱਖਿਆ ਲਈ ਹੈ। ਉਨ੍ਹਾਂ ਅਜਿਹੇ ਸਮੇਂ ’ਚ ਇਹ ਟਿੱਪਣੀ ਕੀਤੀ ਹੈ, ਜਦੋਂ ਆਸਿਆਨ ਦੇ ਕਈ ਮੈਂਬਰ ਅਤੇ ਜਮਹੂਰੀ ਮੁਲਕ ਵਿਵਾਦਤ ਦੱਖਣੀ ਚੀਨ ਸਾਗਰ ’ਚ ਚੀਨ ਦੀਆਂ ਵੱਧ ਰਹੀਆਂ ਸਰਗਰਮੀਆਂ ਵਿਚਾਲੇ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਧੀ ਦੀ ਪਾਲਣਾ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਆਸਿਆਨ ਦੀ ਅਗਵਾਈ ਹੇਠਲੇ ਸਮੁੱਚੇ ਖੇਤਰੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਬਣਾਉਣ ਦੇ ਪੱਖ ’ਚ ਹੈ।

