Punjab Coal Shortage: ਕੋਲੇ ਦੀ ਘਾਟ ਕਾਰਨ ਬਿਜਲੀ ਉਤਪਾਦਨ ਘਟਿਆ
ਰਾਜਪੁਰਾ ਤੇ ਤਲਵੰਡੀ ਸਾਬੋ ਥਰਮਲ ਪਲਾਂਟ ’ਤੇ ਅਸਰ ਪਿਆ: ਸੌਂਦ
Punjab Coal Shortage: ਦੇਸ਼ ਵਿੱਚ ਕੋਲੇ ਦੀ ਘਾਟ ਦਾ ਅਸਰ ਪੰਜਾਬ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਕਰ ਕੇ ਸੂਬੇ ਵਿੱਚ ਬਿਜਲੀ ਉਤਪਾਦਨ ਘਟ ਗਿਆ ਅਤੇ ਕਈ ਥਰਮਲ ਪਲਾਂਟ ਨੂੰ ਅੱਧੀ ਸਮਰੱਥਾ ’ਤੇ ਚਲਾਉਣਾ ਪੈ ਰਿਹਾ ਹੈ।
ਸੂਬੇ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਕੌਮੀ ਪੱਧਰ ’ਤੇ ਕੋਲੇ ਦੀ ਭਾਰੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਉਤਪਾਦਨ 1,500 ਮੈਗਾਵਾਟ ਤੱਕ ਘਟ ਗਿਆ ਹੈ। ਕੋਲੇ ਦੀ ਘਾਟ ਕਰ ਕੇ ਦੇਸ਼ ਭਰ ਵਿੱਚ 63 ਗੀਗਾਵਾਟ (ਜੀ ਡਬਲਿਊ) ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਬਿਜਲੀ ਮੰਤਰੀ ਨੇ ਦੇਰ ਰਾਤ ਵੀਡੀਓ ਸੰਦੇਸ਼ ਜਾਰੀ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਕੋਲੇ ਦੀ ਘਾਟ ਨੂੰ ਦੂਰ ਕਰੇ ਤਾਂ ਕਿ ਲੋਕਾਂ ਅਤੇ ਇੰਡਸਟਰੀ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਕੀਤੀ ਜਾ ਸਕੇ।
ਸ੍ਰੀ ਸੌਂਦ ਨੇ ਕਿਹਾ ਕਿ ਦੇਸ਼ ਭਰ ਦੇ ਕਈ ਥਰਮਲ ਪਾਵਰ ਪਲਾਂਟਾਂ ਕੋਲ ਸਿਰਫ਼ ਤਿੰਨ ਤੋਂ ਚਾਰ ਦਿਨਾਂ ਦੇ ਕੋਲੇ ਦਾ ਸਟਾਕ ਬਚਿਆ ਹੈ ਅਤੇ ਨਤੀਜੇ ਵਜੋਂ ਉਹ ਆਪਣੀ ਅੱਧੀ ਸਮਰੱਥਾ ’ਤੇ ਚੱਲਣ ਲਈ ਮਜਬੂਰ ਹਨ। ਜਿਹੜੇ ਥਰਮਲ ਪਲਾਂਟਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਲਾ ਸਪਲਾਈ ਕੀਤਾ ਜਾਂਦਾ ਹੈ, ਉੱਥੇ ਅਜੇ ਵੀ ਲਗਭਗ 10 ਦਿਨਾਂ ਦਾ ਸਟਾਕ ਉਪਲਬਧ ਹੈ। ਕੇਂਦਰ ਸਰਕਾਰ ਕੋਲੇ ਦੀ ਪੂਰੀ ਸਪਲਾਈ ਯਕੀਨੀ ਬਣਾਉਣ ਵਿੱਚ ਅਸਮਰੱਥ ਰਹੀ ਹੈ, ਜਿਸ ਕਰ ਕੇ ਰਾਜਪੁਰਾ ਦੇ ਨਾਭਾ ਪਾਵਰ ਲਿਮਟਿਡ ਥਰਮਲ ਪਲਾਂਟ ਅਤੇ ਮਾਨਸਾ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਅੱਧੀ ਸਮਰੱਥਾ ’ਤੇ ਚੱਲਣ ਲਈ ਮਜਬੂਰ ਹਨ ਪੰਜਾਬ ਵਿੱਚ ਬਿਜਲੀ ਦਾ ਸੰਕਟ ਖੜ੍ਹਾ ਹੋ ਸਕਦਾ। ਬਿਜਲੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੋਲੇ ਦੀ ਘਾਟ ਦੂਰ ਕਰਨ ਲਈ ਤੁਰੰਤ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।

