climate change: ਸੁਪਰੀਮ ਕੋਰਟ ਵਾਤਾਵਰਨ-ਕੇਂਦਰਿਤ ਪਹੁੰਚ ਵੱਲ ਵਧਿਆ
ਵਾਤਾਵਰਨ ਕਾਨੂੰਨ ਵਿੱਚ ਸੁਪਰੀਮ ਕੋਰਟ ਦਾ ਯੋਗਦਾਨ ਬਹੁਤ ਵੱਡਾ ਤੇ ਅਹਿਮ: ਜਸਟਿਸ ਨਾਗਰਤਨਾ
ਵਾਤਾਵਰਨ ਸਬੰਧੀ ਕਾਨੂੰਨ ਵਿਗਿਆਨ ਵਿੱਚ ਸੁਪਰੀਮ ਕੋਰਟ ਦੇ ਯੋਗਦਾਨ ਨੂੰ ਬਹੁਤ ਵੱਡਾ ਅਤੇ ਅਹਿਮ ਦੱਸਦਿਆਂ, ਸਿਖਰਲੀ ਅਦਾਲਤ ਦੀ ਜੱਜ ਜਸਟਿਸ ਬੀ ਵੀ ਨਾਗਰਤਨਾ ਨੇ ਅੱਜ ਕਿਹਾ ਕਿ ਦੇਸ਼ ਦੀ ਸਿਖਰਲੀ ਅਦਾਲਤ ਹੁਣ ਇਸ ਪਹਿਲੂ ’ਤੇ ਮਨੁੱਖ-ਕੇਂਦਰਿਤ ਤੋਂ ਵਾਤਾਵਰਨ-ਕੇਂਦਰਿਤ ਪਹੁੰਚ ਵੱਲ ਤਬਦੀਲੀ ਲਈ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ, ‘‘ਵਾਤਾਵਰਨ ਸਬੰਧੀ ਅਦਾਲਤੀ ਫ਼ੈਸਲਾ ਲੈਣਾ ਦੂਰਦਰਸ਼ਤਾ ਦਾ ਅਭਿਆਸ ਹੈ, ਜਿਸ ਲਈ ਅਦਾਲਤਾਂ ਨੂੰ ਭਵਿੱਖ ਦੀ ਸੁਚੇਤ ਜਾਗਰੂਕਤਾ ਨਾਲ ਵਰਤਮਾਨ ਨੂੰ ਚਲਾਉਣ ਦੀ ਲੋੜ ਹੁੰਦੀ ਹੈ।’’
ਉਹ ਵਿਗਿਆਨ ਭਵਨ ਵਿੱਚ ਕੌਮੀ ਗਰੀਨ ਟ੍ਰਿਬਿਊਨਲ (ਐੱਨ ਜੀ ਟੀ) ਵੱਲੋਂ ‘ਵਾਤਾਵਰਨ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ’ ਵਿਸ਼ੇ ’ਤੇ ਕਰਵਾਏ ਗਏ ਦੋ-ਰੋਜ਼ਾ ਕੌਮਾਂਤਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਮੁੱਖ ਮਹਿਮਾਨ ਸਨ। ਜਸਟਿਸ ਨਾਗਰਤਨਾ ਨੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤੀ ਰਵਾਇਤਾਂ ਨੇ ਹਮੇਸ਼ਾ ਮਨੁੱਖਾਂ ਨੂੰ ਕੁਦਰਤੀ ਵਿਵਸਥਾ ਦੇ ਅੰਦਰ ਰੱਖਿਆ ਹੈ, ਨਾ ਕਿ ਉਸ ਤੋਂ ਉੱਪਰ ਕਿ ਵਾਤਾਵਰਨ ਕਾਨੂੰਨ ਨੂੰ ਕੁਦਰਤ ਨੂੰ ਜਾਇਦਾਦ, ਵਸਤੂ ਜਾਂ ਸਰੋਤ ਮੰਨਣ ਤੋਂ ਦੂਰ ਹਟਣਾ ਚਾਹੀਦਾ ਹੈ। ਜਸਟਿਸ ਨਾਗਰਤਨਾ ਨੇ ਕਿਹਾ, ‘‘ਵਾਤਾਵਰਨ ਕਾਨੂੰਨ ਵਿੱਚ ਸੁਪਰੀਮ ਕੋਰਟ ਦਾ ਯੋਗਦਾਨ ਬਹੁਤ ਵੱਡਾ ਅਤੇ ਅਹਿਮ ਰਿਹਾ ਹੈ। ਅਸਲ ਵਿੱਚ, ਸੁਪਰੀਮ ਕੋਰਟ ਹੁਣ ਵਾਤਾਵਰਨ ਦੇ ਮਾਮਲਿਆਂ ਵਿੱਚ ਮਨੁੱਖ-ਕੇਂਦਰਿਤ ਪਹੁੰਚ ਤੋਂ ਵਾਤਾਵਰਨ-ਕੇਂਦਰਿਤ ਪਹੁੰਚ ਵੱਲ ਤਬਦੀਲੀ ਲਈ ਜ਼ੋਰ ਦੇ ਰਿਹਾ ਹੈ।’’
ਜਲਵਾਯੂ ਤਬਦੀਲੀ ਨੇਮਾਂ ਅਤੇ ਭਾਈਚਾਰਕ ਭਾਗੀਦਾਰੀ ਦੀ ਲੋੜ: ਮੁਰਮੂ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਜਲਵਾਯੂ ਤਬਦੀਲੀ ਦੀ ਚੁਣੌਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਰਕਾਰਾਂ, ਕਾਨੂੰਨੀ ਮਾਹਰਾਂ ਅਤੇ ਪ੍ਰਭਾਵਿਤ ਭਾਈਚਾਰਿਆਂ ਨੂੰ ਸ਼ਾਮਲ ਕਰਦੇ ਹੋਏ ਨੀਤੀਆਂ ਅਤੇ ਕਾਰਵਾਈਆਂ ਦੇ ਚੰਗੀ ਤਰ੍ਹਾਂ ਬਣਾਏ ਗਏ ਢਾਂਚੇ ਦੀ ਸਖ਼ਤ ਲੋੜ ਹੈ। ਇੱਥੇ ‘ਜਲਵਾਯੂ ਅਤੇ ਵਾਤਾਵਰਨ ਗਤੀਸ਼ੀਲਤਾ ਦਾ ਭਵਿੱਖ’ ਵਿਸ਼ੇ ’ਤੇ ਕਰਵਾਏ ਗਏ ਕੌਮਾਂਤਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਜਲਵਾਯੂ ਤਬਦੀਲੀ ਦੇ ਭੋਜਨ ਸੁਰੱਖਿਆ, ਸਿਹਤ ਅਤੇ ਰੋਜ਼ੀ-ਰੋਟੀ ’ਤੇ ਗੰਭੀਰ ਮਾੜੇ ਅਸਰ ਪੈ ਰਹੇ ਹਨ। ਇਸ ਢਾਂਚੇ ਨੂੰ ਜਲਵਾਯੂ ਤਬਦੀਲੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਭਾਈਚਾਰਿਆਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣੀ ਚਾਹੀਦੀ ਹੈ, ਜਿਸ ਵਿੱਚ ਦਿਹਾਤੀ ਅਤੇ ਜੰਗਲਾਂ ’ਚ ਰਹਿਣ ਵਾਲੇ ਭਾਈਚਾਰਿਆਂ, ਛੋਟੇ ਕਿਸਾਨਾਂ, ਔਰਤਾਂ ਅਤੇ ਹੋਰ ਸੰਵੇਦਨਸ਼ੀਲ ਵਰਗਾਂ ਦੀਆਂ ਲੋੜਾਂ ਪ੍ਰਤੀ ਵਿਸ਼ੇਸ਼ ਸੰਵੇਦਨਸ਼ੀਲਤਾ ਹੋਵੇ।

