CJP ਨੇ ਮੋਦੀ ਦੇ ਅਕਸ ਦੀ ਫੂਕ ਕੱਢੀ: Arundhati Roy
ਵਿਦਿਆਰਥੀ ਸੰਘਰਸ਼ ਦੀ ਜਿੱਤ ਨੂੰ ਕਿਸੇ ਵੀ ਚੋਣ ਜਿੱਤਣ ਨਾਲੋਂ ਵੱਡੀ ਦੱਸਿਆ
ਮਸ਼ਹੂਰ ਲੇਖਿਕਾ ਅਰੁੰਧਤੀ ਰਾਏ ਨੇ ਕਿਹਾ ਹੈ ਕਿ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੀ ਅਗਵਾਈ ਹੇਠ ਜੰਤਰ ਮੰਤਰ ’ਚ ਹੋਏ ਨੌਜਵਾਨਾਂ ਦੇ ਪ੍ਰਦਰਸ਼ਨ ਨੇ ਸਿਰਫ਼ ਦੋ ਹਫ਼ਤਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਦਾ ਜਨਤਕ ਅਕਸ ਢਹਿ-ਢੇਰੀ ਕਰ ਦਿੱਤਾ ਹੈ ਅਤੇ ਅਜਿਹਾ ਸਿਆਸੀ ਝਟਕਾ ਦਿੱਤਾ ਹੈ ਜੋ ਕਿਸੇ ਵੀ ਚੋਣ ਜਿੱਤਣ ਨਾਲੋਂ ਵੱਡਾ ਹੈ।
ਬੀਤੇ ਦਿਨ ਆਪਣੀ ਪੁਸਤਕ ‘ਮਦਰ ਮੈਰੀ ਕਮਜ਼ ਟੂ ਮੀ’ ਦੇ ਹਿੰਦੀ ਅਨੁਵਾਦ ‘ਮੇਰੀ ਮਾਂ, ਮੇਰੀ ਗੈਂਗਸਟਰ’ ਦੇ ਲਾਂਚ ਮੌਕੇ ਅਰੁੰਧਤੀ ਨੇ ਤਰਕ ਦਿੱਤਾ ਕਿ ਹਾਲਾਂਕਿ ਚੋਣਾਂ ਵਿੱਚ ਜਿੱਤ ਅਤੇ ਹਾਰ ਸਿਆਸਤ ਦਾ ਸਿਰਫ਼ ਇੱਕ ਪੱਖ ਹਨ, ਪਰ ਤਾਜ਼ਾ ਲੋਕ ਲਾਮਬੰਦੀ ਨੇ ਇਹ ਦਿਖਾ ਦਿੱਤਾ ਹੈ ਕਿ ਦਹਾਕਿਆਂ ਵਿੱਚ ਬਣਾਏ ਗਏ ਬਿਰਤਾਂਤ ਵੀ ਕੁਝ ਹਫ਼ਤਿਆਂ ਵਿੱਚ ਹਿੱਲ ਸਕਦੇ ਹਨ। ਇੰਡੀਆ ਇੰਟਰਨੈਸ਼ਨਲ ਸੈਂਟਰ ’ਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਸਭ ਤੋਂ ਵੱਧ ਮੈਨੂੰ ਇਹ ਪਸੰਦ ਹੈ ਕਿ ਕੋਈ ਨਹੀਂ ਜਾਣਦਾ ਕਿ ਸਾਡਾ ਅਤੇ ਦੇਸ਼ ਦਾ ਕੀ ਹੋਵੇਗਾ। ਸਕ੍ਰਿਪਟ ਲਿਖੀ ਜਾ ਰਹੀ ਹੈ ਅਤੇ ਹਰ ਕਿਸੇ ਦੀ ਆਪਣੀ ਭੂਮਿਕਾ ਹੈ। ਲੋਕ ਅਕਸਰ ਇਹ ਮੰਨਦੇ ਸਨ ਕਿ ਉਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੱਕ ਉਨ੍ਹਾਂ ਹੀ ਹਾਲਤਾਂ ਵਿੱਚ ਰਹਿਣਾ ਪਵੇਗਾ, ਪਰ ਦੋ ਹਫ਼ਤਿਆਂ ਵਿੱਚ ਇਹ ਜੜ੍ਹਾਂ ਤੋਂ ਥੋੜ੍ਹਾ ਜਿਹਾ ਹਿੱਲ ਗਿਆ।’’ ਉਨ੍ਹਾਂ ਅੱਗੇ ਕਿਹਾ, ‘(ਪ੍ਰਧਾਨ ਮੰਤਰੀ ਮੋਦੀ ਦਾ) 24 ਸਾਲਾਂ ਦਾ ਅਕਸ... ਜੋ ਕਰੋੜਾਂ ਰੁਪਏ ਖਰਚ ਕਰ ਕੇ ਬਣਾਇਆ ਗਿਆ ਹੈ, ਕਦੇ ਪ੍ਰੈੱਸ ਕਾਨਫਰੰਸ ਨਾ ਕਰਨਾ, ਜਿੱਥੇ ਕੁਝ ਲੋਕ ਉਨ੍ਹਾਂ ਨੂੰ ਵਿਸ਼ਨੂੰ ਦਾ ਅਵਤਾਰ ਕਹਿੰਦੇ ਹਨ... ਅਤੇ ਦੋ ਹਫ਼ਤਿਆਂ ਵਿੱਚ ਕੌਕਰੋਚਾਂ ਨੇ ਉਨ੍ਹਾਂ ਸਾਰੇ 24 ਸਾਲਾਂ ਨੂੰ ਤਬਾਹ ਕਰ ਦਿੱਤਾ ਹੈ। ਇਹ ਇੱਕ ਤਰ੍ਹਾਂ ਨਾਲ ਚੋਣਾਂ ਨਾਲੋਂ ਵੀ ਵੱਡੀ ਜਿੱਤ ਹੈ।’’

