ਬਿਹਾਰ ’ਚ ਵਿਕਾਸ ਅਤੇ ਜੰਗਲ ਰਾਜ ਵਿਚਕਾਰ ਚੋਣ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਨੇ ਲੋਕਾਂ ਸਾਹਮਣੇ ਇਕ ਪਾਸੇ ਮੋਦੀ-ਨਿਤੀਸ਼ ਜੋੜੀ ਦੀ ਚੋਣ ਰੱਖੀ ਹੈ, ਜੋ ਬਿਹਾਰ ਦਾ ਵਿਕਾਸ ਕਰੇਗੀ ਅਤੇ ਦੂਜੇ ਪਾਸੇ ਆਰ ਜੇ ਡੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਦੀ ਚੋਣ ਰੱਖੀ ਹੈ, ਜੋ ‘ਜੰਗਲ ਰਾਜ’ ਵਾਪਸ ਲਿਆਏਗੀ। ਭਾਜਪਾ ਦੇ ਸਾਬਕਾ ਪ੍ਰਧਾਨ ਨੇ ਇਹ ਟਿੱਪਣੀਆਂ ਗੋਪਾਲਗੰਜ ਅਤੇ ਸਮਸਤੀਪੁਰ ਜ਼ਿਲ੍ਹਿਆਂ ਵਿੱਚ ਵਰਚੁਅਲ ਢੰਗ ਨਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤੀਆਂ, ਜਿੱਥੇ ਉਹ ਖ਼ਰਾਬ ਮੌਸਮ ਕਾਰਨ ਪਹੁੰਚ ਨਹੀਂ ਸਕੇ। ਆਰ ਜੇ ਡੀ ਸੁਪਰੀਮੋ ਲਾਲੂ ਪ੍ਰਸਾਦ ਦੇ ਜੱਦੀ ਜ਼ਿਲ੍ਹੇ ਗੋਪਾਲਗੰਜ ਵਿੱਚ ਸ਼ਾਹ ਨੇ ਲੋਕਾਂ ਨੂੰ ਚਿਤਾਵਨੀ ਦੇਣ ਲਈ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਭਰਾ ਸਾਧੂ ਯਾਦਵ ਦੀ ਧੱਕੇਸ਼ਾਹੀ ਦਾ ਮੁੱਦਾ ਉਠਾਇਆ ਕਿ ਜੇ ਵਿਰੋਧੀ ਪਾਰਟੀ ਸੱਤਾ ਵਿੱਚ ਵਾਪਸ ਆਈ ਤਾਂ ‘ਜੰਗਲ ਰਾਜ’ ਵਾਪਸ ਆ ਜਾਵੇਗਾ।
ਰਾਹੁਲ ਗਾਂਧੀ ’ਤੇ ਘੁਸਪੈਠੀਆਂ ਨੂੰ ਬਚਾਉਣ ਦੇ ਦੋਸ਼
ਸਮਸਤੀਪੁਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਵੋਟਰ ਅਧਿਕਾਰ ਯਾਤਰਾ ਦੀ ਅਗਵਾਈ ਕਰਕੇ ਘੁਸਪੈਠੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਜਿੰਨੀਆਂ ਮਰਜ਼ੀ ਯਾਤਰਾਵਾਂ ਕੱਢ ਲੈਣ। ਹਰ ਘੁਸਪੈਠੀਏ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਜਾਵੇਗਾ। ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦਾ ਉਦੇਸ਼ ਇਹੀ ਸੀ ਅਤੇ ਅਸੀਂ ਦੇਸ਼ ਭਰ ਵਿੱਚ ਇਹ ਕਾਰਵਾਈ ਕਰਨ ਦੇ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ।’’
