ਅਰੁਣਾਚਲ ਪ੍ਰਦੇਸ਼ ਵਿੱਚ 27 ਥਾਵਾਂ ਦੇ ਨਾਮ ਰੱਖਣ ਦੇ ਭਾਰਤ ਦੇ ਕਦਮ ਤੋਂ ਚੀਨ ਖਫ਼ਾ
ਚੀਨ ਨੇ ਕਿਹਾ: ਇਹ ਕਦਮ ਗੈਰ-ਕਾਨੂੰਨੀ
ਚੀਨ ਨੇ ਸੋਮਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ 27 ਥਾਵਾਂ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਸਰਕਾਰੀ ਨਕਸ਼ੇ 'ਤੇ ਉਨ੍ਹਾਂ ਦੇ ਮਿਆਰੀ ਨਾਵਾਂ ਨਾਲ ਰਸਮੀ ਤੌਰ 'ਤੇ ਪਛਾਣਨ ਦੇ ਭਾਰਤ ਦੇ ਕਦਮ ਨੂੰ ਰੱਦ ਕਰ ਦਿੱਤਾ ਹੈ। ਚੀਨ ਦਾ ਕਹਿਣਾ ਹੈ ਕਿ ਇਸ ਨਵੇਂ ਕਦਮ ਨਾਲ ਨਾ ਤਾਂ ਇਲਾਕੇ ਦਾ ਸਟੇਟਸ ਬਦਲੇਗਾ ਅਤੇ ਨਾ ਹੀ ਇਹ "ਤੱਥ" ਬਦਲੇਗਾ ਕਿ ਪੇਈਚਿੰਗ ਇਸ ਨੂੰ ਚੀਨ ਦਾ ਹਿੱਸਾ ਮੰਨਦਾ ਹੈ।
ਭਾਰਤ ਦੇ ਕਦਮ 'ਤੇ ਪ੍ਰਤੀਕਿਰਿਆ ਦਿੰਦਿਆਂ, ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ ਕਿ ਪੇਈਚਿੰਗ ਕਥਿਤ "ਅਰੁਣਾਚਲ ਪ੍ਰਦੇਸ਼" ਨੂੰ ਮਾਨਤਾ ਨਹੀਂ ਦਿੰਦਾ ਹੈ। ਉਹ ਇਸ ਇਲਾਕੇ ਨੂੰ "ਜ਼ਾਂਗਨਾਨ" ਕਹਿੰਦਾ ਹੈ।
ਗੁਓ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, "ਜ਼ਾਂਗਨਾਨ ਚੀਨ ਦਾ ਖੇਤਰ ਹੈ। ਚੀਨ ਭਾਰਤ ਦੁਆਰਾ ਗੈਰ-ਕਾਨੂੰਨੀ ਤੌਰ 'ਤੇ ਬਣਾਏ ਗਏ 'ਅਰੁਣਾਚਲ ਪ੍ਰਦੇਸ਼' ਨੂੰ ਮਾਨਤਾ ਨਹੀਂ ਦਿੰਦਾ।"
ਉਨ੍ਹਾਂ ਨੇ ਭਾਰਤ ਦੇ ਉਸ ਫੈਸਲੇ ਨੂੰ "ਗੈਰ-ਕਾਨੂੰਨੀ, ਰੱਦ ਅਤੇ ਅਯੋਗ" ਕਰਾਰ ਦਿੱਤਾ ਜਿਸ ਵਿੱਚ ਉਨ੍ਹਾਂ ਨਾਵਾਂ ਦੀ ਥਾਂ 'ਤੇ ਆਪਣੇ ਖੁਦ ਦੇ "ਮਿਆਰੀ ਨਾਮ" ਰੱਖੇ ਗਏ ਹਨ "ਜਿਨ੍ਹਾਂ ਦੀ ਵਰਤੋਂ ਲੰਮੇ ਸਮੇਂ ਤੋਂ ਚੀਨ ਦੁਆਰਾ ਕੀਤੀ ਜਾ ਰਹੀ ਹੈ", ਅਤੇ ਦਾਅਵਾ ਕੀਤਾ ਕਿ ਇਸ ਨਾਲ ਖੇਤਰ 'ਤੇ ਪੇਈਚਿੰਗ ਦਾ ਦਾਅਵਾ ਨਹੀਂ ਬਦਲੇਗਾ।
ਭਾਰਤ ਨੇ ਸ਼ੁੱਕਰਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ 'ਸਰਵੇ ਆਫ਼ ਇੰਡੀਆ' ਦੇ ਨਕਸ਼ੇ ਉੱਤੇ 27 ਥਾਵਾਂ ਦੀ ਅਧਿਕਾਰਤ ਪਛਾਣ ਕੀਤੀ ਸੀ। ਭਾਰਤ ਦਾ ਕਹਿਣਾ ਸੀ ਕਿ ਇਸ ਕਵਾਇਦ ਦਾ ਮਕਸਦ ਉਨ੍ਹਾਂ ਦੀ "ਸਹੀ ਪਛਾਣ ਅਤੇ ਆਮ ਜਨਤਾ ਵਿੱਚ ਬਿਹਤਰ ਜਾਣਕਾਰੀ" ਨੂੰ ਆਸਾਨ ਬਣਾਉਣਾ ਸੀ।
ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਗਿਆ ਹੈ ਜਦੋਂ ਚੀਨ ਅਰੁਣਾਚਲ ਪ੍ਰਦੇਸ਼ ਦੀਆਂ ਥਾਵਾਂ ਲਈ ਆਪਣੇ ਨਾਮ ਰੱਖਣ ਦੀ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਹੈ। ਨਵੀਂ ਦਿੱਲੀ ਨੇ ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਨੂੰ "ਬੇਤੁਕਾ" ਕਹਿ ਕੇ ਰੱਦ ਕੀਤਾ ਹੈ। ਭਾਰਤ ਦਾ ਕਹਿਣਾ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਉਸ "ਅਟੱਲ" ਸੱਚਾਈ ਨੂੰ ਨਹੀਂ ਬਦਲ ਸਕਦੀਆਂ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ "ਸੀ, ਹੈ ਅਤੇ ਰਹੇਗਾ"।

