ਕ੍ਰਿਸ਼ਨਾਨਗਰ, 27 ਅਗਸਤ
ਫਿਰੌਤੀ ਦੀ ਰਕਮ ਨਾਲ ਕੰਪਿਊਟਰ ਖ਼ਰੀਦਣ ਲਈ ਤਿੰਨ ਬੱਚਿਆਂ ਨੇ ਆਪਣੇ ਇੱਕ 14 ਸਾਲਾ ਦੋਸਤ ਨੂੰ ਅਗ਼ਵਾ ਕਰ ਲਿਆ ਅਤੇ ਬਾਅਦ ਵਿੱਚ ਰਸਗੁੱਲਾ ਖੁਆ ਕੇ ਅਤੇ ਕੋਲਡ ਡਰਿੰਕ ਪਿਲਾ ਕੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਬੱਚੇ ਗੇਮ ਖੇਡਣ ਲਈ ਕੰਪਿਊਟਰ ਖਰੀਦਣਾ ਚਾਹੁੰਦੇ ਸੀ। ਇਹ ਘਟਨਾ ਪੱਛਮੀ ਬੰਗਾਲ ਵਿੱਚ ਨਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ਦੇ ਘੁਰਨੀ ਇਲਾਕੇ ਵਿੱਚ ਵਾਪਰੀ। ਬੋਰੇ ਵਿੱਚ ਬੰਨ੍ਹੀ ਲਾਸ਼ ਸ਼ਨਿੱਚਰਵਾਰ ਨੂੰ ਕ੍ਰਿਸ਼ਨਾਨਗਰ ਸ਼ਹਿਰ ਦੇ ਬਾਹਰੀ ਇਲਾਕੇ ਹਿਜੁਲੀ ’ਚ ਇੱਕ ਤਾਲਾਬ ’ਚੋਂ ਬਰਾਮਦ ਕੀਤੀ ਗਈ। ਪੁਲੀਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਕ੍ਰਿਸ਼ਨਾਨਗਰ ਦੀ ਇੱਕ ਜੁਵੇਨਾਈਲ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਨੇ ਦੱਸਿਆ ਕਿ ਘੁਰਨੀ ਵਾਸੀ ਅੱਠਵੀਂ ਕਲਾਸ ਦਾ ਵਿਦਿਆਰਥੀ ਸ਼ੁੱਕਰਵਾਰ ਦੁਪਹਿਰ ਵੇਲੇ ਕੁੱਝ ਸਾਮਾਨ ਖ਼ਰੀਦਣ ਲਈ ਨੇੜਲੀ ਦੁਕਾਨ ’ਤੇ ਜਾਂਦੇ ਸਮੇਂ ਲਾਪਤਾ ਹੋ ਗਿਆ ਸੀ ਪਰ ਸ਼ਨਿੱਚਰਵਾਰ ਸਵੇਰੇ ਉਸ ਦੀ ਮਾਂ ਨੂੰ ਤਿੰਨ ਲੱਖ ਰੁਪਏ ਦੀ ਫਿਰੌਤੀ ਦਾ ਫੋਨ ਆਇਆ। ਬੱਚੇ ਦੀ ਮਾਂ ਨੇ ਕੋਤਵਾਲੀ ਥਾਣੇ ਨੂੰ ਸੂੁਚਿਤ ਕੀਤਾ। ਇੱਕ ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਤਿੰਨ ਮੁੰਡਿਆਂ ਨੂੰ ਫੜ ਲਿਆ ਹੈ, ਜੋ ਉਸੇ ਸਕੂਲ ਵਿੱਚ 10ਵੀਂ ਦੇ ਵਿਦਿਆਰਥੀ ਹਨ, ਜਿਸ ਸਕੂਲ ਵਿੱਚ ਬੱਚਾ ਪੜ੍ਹਦਾ ਸੀ। ਉਨ੍ਹਾਂ ਲੜਕੇ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ ਤਾਲਾਬ ਵਿੱਚ ਸੁੱਟਣ ਦੀ ਗੱਲ ਕਬੂਲ ਲਈ ਹੈ।’’ ਪੁਲੀਸ ਨੇ ਕਿਹਾ ਕਿ ਲੜਕੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਸਥਾਨਕ ਸੂੁਤਰਾਂ ਅਨੁਸਾਰ ਮ੍ਰਿਤਕ ਵਿਦਿਆਰਥੀ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਨੌਕਰਾਣੀ ਦਾ ਕੰਮ ਕਰਦੀ ਸੀ। -ਪੀਟੀਆਈ