ਅਯੁੱਧਿਆ/ਦਿੱਲੀ, 3 ਅਗਸਤ
ਅਯੁੱਧਿਆ ’ਚ ਅੱਜ ਰਾਮ ਮੰਦਿਰ ਦੀ ਉਸਾਰੀ ਲਈ ਭੂਮੀ ਪੂਜਨ ਸਮਾਗਮ ਤੋਂ ਦੋ ਦਿਨ ਪਹਿਲਾਂ ਧਾਰਮਿਕ ਰੀਤੀ-ਰਿਵਾਜ ਸ਼ੁਰੂ ਹੋ ਗਏ। ਭਲਕੇ ਹਨੂਮਾਨਗੜ੍ਹੀ ਮੰਦਿਰ ਵਿੱਚ ਪ੍ਰਾਰਥਨਾ ਕੀਤੀ ਜਾਵੇਗੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਰਾਮ ਮੰਦਿਰ ਲਈ ਭੂਮੀ ਪੂਜਨ ਸਮਾਗਮ ਸਮੇਂ ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਉਹ ਇੱਥੇ 5 ਅਗਸਤ ਦੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਸਨ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਮਾਗਮ ’ਤੇ ਨਾਂਹ-ਪੱਖੀ ਟਿੱਪਣੀਆਂ ਕਰਨ ਵਾਲਿਆਂ ਨੇ ਰਾਮ ਮੰਦਿਰ ਦੇ ਨਿਰਮਾਣ ’ਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਤੇ ਲੋਕ ਉਨ੍ਹਾਂ ਬਾਰੇ ਜਾਣਦੇ ਹਨ। ਉਨ੍ਹਾਂ ਕਿਹਾ,‘ਇਹ ਇਤਿਹਾਸਕ ਹੀ ਨਹੀਂ ਭਾਵੁਕ ਪਲ ਵੀ ਹੋਵੇਗਾ ਕਿਉਂਕਿ 500 ਸਾਲਾਂ ਬਾਅਦ ਰਾਮ ਮੰਦਿਰ ਦੇ ਨਿਰਮਾਣ ਦਾ ਕਾਰਜ ਸ਼ੁਰੂ ਹੋਵੇਗਾ।’
-ਪੀਟੀਆਈ
ਰਾਮ ਮੰਦਿਰ ਦੇ ਮੁੱਖ ਪੁਜਾਰੀ ਨੂੰ ਏਕਾਂਤਵਾਸ ’ਚ ਭੇਜਿਆ
ਅਯੁੱਧਿਆ: ਰਾਮ ਜਨਮਭੂਮੀ ਮੰਦਿਰ ਦੇ ਮੁੱਖ ਪੁਜਾਰੀ ਆਚਾਰਿਆ ਸਤੇਂਦਰ ਦਾਸ ਦੇ ਸਹਾਇਕ ਪ੍ਰਦੀਪ ਦਾਸ ਦੇ ਕਰੋਨਾ ਪਾਜ਼ੇਟਿਵ ਮਿਲਣ ਮਗਰੋਂ ਹੁਣ ਮੁੱਖ ਪੁਜਾਰੀ ਨੂੰ ਘਰ ’ਚ ਏਕਾਂਤਵਾਸ ਕਰ ਦਿੱਤਾ ਗਿਆ ਹੈ। ਆਚਾਰਿਆ ਸਤੇਂਦਰ ਦਾਸ ਨੇ ਕਿਹਾ,‘ਮੇਰੇ ਇੱਕ ਸਹਾਇਕ ਦੇ ਕਰੋਨਾਵਾਇਰਸ ਪਾਜ਼ੇਟਿਵ ਮਿਲਣ ’ਤੇ ਟਰੱਸਟ ਨੇ ਮੈਨੂੰ ਤਿੰਨ ਦਿਨਾਂ ਤੱਕ ਮੰਦਿਰ ਨਾ ਆਉਣ ਲਈ ਕਿਹਾ ਹੈ।
-ਆਈਏਐੱਨਐੱਸ
ਸੱਦਾ ਪੱਤਰਾਂ ’ਤੇ ਹੋਵੇਗਾ ਵਿਸ਼ੇਸ਼ ਕੋਡ
ਅਯੁੱਧਿਆ: ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਭੂਮੀ ਪੂਜਨ ਦੀ ਰਸਮ ਲਈ ਹਰ ਸੱਦਾ ਪੱਤਰ ’ਤੇ ਇੱਕ ਸਕਿਓਰਿਟੀ ਕੋਡ ਹੋਵੇਗਾ ਜਿਸ ਨਾਲ ਮੰਦਰ ’ਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਮੁੜ ਮੰਦਰ ’ਚ ਦਾਖ਼ਲੇ ਦੀ ਆਗਿਆ ਨਹੀਂ ਹੋਵੇਗੀ।
-ਆਈਏਐੱਨਐੱਸ
ਇਹ ਭਗਵਾਨ ਰਾਮ ਦੀ ਇੱਛਾ ਹੈ ਕਿ ਮੈਂ ਭੂਮੀ ਪੂਜਨ ’ਚ ਸ਼ਾਮਲ ਹੋਵਾਂ: ਅੰਸਾਰੀ
ਅਯੁੱਧਿਆ: ਰਾਮ ਜਨਮ ਭੂਮ ਬਾਬਰੀ ਮਸਜਿਦ ਵਿਵਾਦ ਵਿੱਚ ਮੁਸਲਿਮ ਪੱਖ ਦੇ ਮੁੱਦਈ ਇਕਬਾਲ ਅੰਸਾਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਹਿੰਦਰ ਮੋਦੀ ਵੱਲੋਂ ਇੱਥੇ ਰਾਮ ਮੰਦਿਰ ਦੇ ਨਿਰਮਾਣ ਲਈ ਭੂਮੀ ਪੂਜਨ ਦੀ ਰਸਮ ’ਚ ਸ਼ਾਮਲ ਹੋਣ ਸਮੇਂ ਉਨ੍ਹਾਂ ਨੂੰ ‘ਰਾਮ ਨੌਮੀ’ ਵਾਲੀ ਇੱਕ ਸ਼ਾਲ ਤੇ ਰਾਮਚਰਿਤਮਾਨਸ ਦੀ ਇੱਕ ਕਾਪੀ ਭੇਟ ਕਰਨਗੇ। ਉਨ੍ਹਾਂ ਕਿਹਾ,‘ਉਨ੍ਹਾਂ ਨੂੰ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਭੂਮੀ ਪੂਜਨ ਸਮਾਗਮ ਲਈ ਸੱਦਾ ਪੱਤਰ ਮਿਲਿਆ ਹੈ।’
-ਪੀਟੀਆਈ