ਛੱਤੀਸਗੜ੍ਹ: ਸੁਕਮਾ ਜ਼ਿਲ੍ਹੇ ਵਿੱਚ 16 ਨਕਸਲੀਆਂ ਵੱਲੋਂ ਆਤਮ-ਸਮਰਪਣ
ਸੁਕਮਾ, 2 ਜੂਨ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਅੱਜ ਕੁੱਲ 25 ਲੱਖ ਰੁਪਏ ਦੇ ਇਨਾਮੀ 16 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ’ਚੋਂ ਨੌਂ ਨਕਸਲੀ ਚਿੰਤਲਨਾਰ ਥਾਣਾ ਖੇਤਰ ਅਧੀਨ ਪੈਂਦੀ ਕੇਰਲਾਪੇਂਦਾ ਗ੍ਰਾਮ ਪੰਚਾਇਤ ਨਾਲ ਸਬੰਧਤ ਹਨ। ਇਸ ਆਤਮ-ਸਮਰਪਣ ਦੇ ਨਾਲ ਹੀ ਇਹ ਪਿੰਡ ਨਕਸਲ ਮੁਕਤ ਹੋ ਗਿਆ ਹੈ। ਸੂਬਾ ਸਰਕਾਰ ਦੀ ਨਵੀਂ ਯੋਜਨਾ ਅਨੁਸਾਰ ਨਕਸਲ ਮੁਕਤ ਗ੍ਰਾਮ ਪੰਚਾਇਤ ਨੂੰ ਵਿਕਾਸ ਪ੍ਰਾਜੈਕਟਾਂ ਲਈ ਇੱਕ ਕਰੋੜ ਰੁਪਏ ਦਿੱਤੇ ਜਾਣਗੇ। ਸੁਕਮਾ ਜ਼ਿਲ੍ਹੇ ਦੇ ਐੱਸਪੀ ਕਿਰਨ ਚਵਾਨ ਨੇ ਦੱਸਿਆ ਕਿ ਮਹਿਲਾ ਸਮੇਤ ਸਾਰੇ 16 ਨਕਸਲੀਆਂ ਨੇ ਮਾਓਵਾਦੀਆਂ ਦੀ ਵਿਚਾਰਧਾਰਾ ਤੋਂ ਮੂੰਹ ਮੋੜਦਿਆਂ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਤੇ ਸੀਆਰਪੀਐੱਫ ਦੇ ਅਧਿਕਾਰੀਆਂ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨਕਸਲੀ ਸੂਬਾ ਸਰਕਾਰ ਦੀ ਯੋਜਨਾ ਤੋਂ ਪ੍ਰਭਾਵਿਤ ਹਨ। ਇਸ ਯੋਜਨਾ ਦਾ ਮਕਸਦ ਦੂਰ-ਦੁਰੇਡੇ ਦੇ ਪਿੰਡਾਂ ’ਚ ਵਿਕਾਸ ਕਾਰਜਾਂ ਨੂੰ ਯਕੀਨੀ ਬਣਾਉਣਾ ਹੈ। ਅਧਿਕਾਰੀ ਨੇ ਦੱਸਿਆ ਕਿ ਆਤਮ-ਸਮਰਪਣ ਕਰਨ ਵਾਲੇ ਮਾਓਵਾਦੀਆਂ ’ਚ ਕੇਂਦਰੀ ਖੇਤਰੀ ਕਮੇਟੀ ਕੰਪਨੀ ਨੰਬਰ ਦੋ ਦੀ ਮੈਂਬਰ ਰੀਤਾ ਉਰਫ਼ ਡੋਡੀ ਸੁੱਕੀ (36) ਅਤੇ ਮਾਓਵਾਦੀਆਂ ਦੀ ਪੀਐੱਲਜੀਏ ਬਟਾਲੀਅਨ ਨੰਬਰ ਇੱਕ ਦੇ ਮੈਂਬਰ ਰਾਹੁਲ ਪੁਨੇਮ (18) ਦੇ ਸਿਰ ’ਤੇ ਅੱਠ-ਅੱਠ ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲੇਕਮ ਲਖਮਾ (28) ’ਤੇ ਤਿੰਨ ਲੱਖ ਰੁਪਏ ਅਤੇ ਤਿੰਨ ਹੋਰ ਨਕਸਲੀਆਂ ’ਤੇ 2-2 ਲੱਖ ਰੁਪਏ ਇਨਾਮ ਸੀ। ਉਨ੍ਹਾਂ ਦੱਸਿਆ ਕਿ ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ’ਚ ਨੌਂ ਕੇਰਲਾਪੇਂਦਾ ਗ੍ਰਾਮ ਪੰਚਾਇਤ ਤੋਂ ਹਨ। ਉਨ੍ਹਾਂ ਦੇ ਆਤਮ-ਸਮਰਪਣ ਤੋਂ ਬਾਅਦ ਇਹ ਗ੍ਰਾਮ ਪੰਚਾਇਤ ਨਕਸਲ ਮੁਕਤ ਹੋ ਗਈ ਹੈ। -ਪੀਟੀਆਈ