ਚੇਨਈ ਮੈਟਰੋ ਟਰੇਨ ਤਕਨੀਕੀ ਖਾਮੀ ਕਰਕੇ ਰਾਹ ’ਚ ਰੁਕੀ, 20 ਯਾਤਰੀਆਂ ਨੂੰ ਬਾਹਰ ਕੱਢਿਆ
ਚੇਨਈ ਮੈਟਰੋ ਟਰੇਨ ਮੰਗਲਵਾਰ ਸਵੇਰੇ ਤਕਨੀਕੀ ਖਰਾਬੀ ਕਰਕੇ ਦੋ ਸਟੇਸ਼ਨਾਂ ਦਰਮਿਆਨ ਖੜ੍ਹ ਗਈ, ਜਿਸ ਮਗਰੋਂ ਮੈਟਰੋ ਵਿਚ ਫਸੇ 20 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅਥਾਰਿਟੀਜ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਈ ਕੋਰਟ ਤੇ ਸੈਂਟਰਲ ਸਟੇਸ਼ਨ ਵਿਚਾਲੇ ਵਾਪਰੀ ਇਸ ਘਟਨਾ ਕਰਕੇ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ। ਮਗਰੋਂ ਉਨ੍ਹਾਂ ਨੂੰ ਟਰੇਨ ’ਚੋਂ ਬਾਹਰ ਕੱਢਿਆ ਗਿਆ ਤੇ ਸਵੇਰੇ ਸਾਢੇ ਛੇ ਵਜੇ ਟਰੇਨ ਸੇਵਾਵਾਂ ਮੁੜ ਚਾਲੂ ਕਰ ਦਿੱਤੀਆਂ ਗਈਆਂ।
ਚੇਨਈ ਮੈਟਰੋ ਰੇਲ ਨੇ ਇਕ ਬਿਆਨ ਵਿਚ ਕਿਹਾ, ‘‘ਤਕਨੀਕੀ ਖਰਾਬੀ ਕਾਰਨ, ਮੈਟਰੋ ਟਰੇਨ ਹਾਈ ਕੋਰਟ ਸਟੇਸ਼ਨ ਅਤੇ ਪੁਰਾਚੀ ਥਲਾਈਵਰ ਡਾ. ਐਮ.ਜੀ. ਰਾਮਚੰਦਰਨ ਸੈਂਟਰਲ ਮੈਟਰੋ ਸਟੇਸ਼ਨ ਵਿਚਕਾਰ ਰੁਕ ਗਈ। ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਅਤੇ ਟਰੇਨ ਨੂੰ ਲਾਈਨ ਤੋਂ ਉਤਾਰ ਦਿੱਤਾ ਗਿਆ। ਚੇਨਈ ਮੈਟਰੋ ਰੇਲ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਜਤਾਇਆ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸੇਵਾ ਸਵੇਰੇ 6.20 ਵਜੇ ਬਹਾਲ ਕਰ ਦਿੱਤੀ ਗਈ। ਚੇਨਈ ਮੈਟਰੋ ਰੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਬਲੂ ਲਾਈਨ ’ਤੇ ਏਅਰਪੋਰਟ ਅਤੇ ਵਿਮਕੋ ਨਗਰ ਡਿਪੂ ਵਿਚਕਾਰ ਮੈਟਰੋ ਟਰੇਨ ਸੇਵਾਵਾਂ ਆਮ ਵਾਂਗ ਮੁੜ ਸ਼ੁਰੂ ਹੋ ਗਈਆਂ ਹਨ। ਗ੍ਰੀਨ ਲਾਈਨ ’ਤੇ ਸੈਂਟਰਲ ਮੈਟਰੋ ਤੋਂ ਸੇਂਟ ਥਾਮਸ ਮਾਊਂਟ ਤੱਕ ਮੈਟਰੋ ਸੇਵਾਵਾਂ ਵੀ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ।’’
