DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੌਸਮ ਠੀਕ ਹੋਣ ਮਗਰੋਂ ਮੁੜ Char Dham Yatra ਸ਼ੁਰੂ

ਕੇਦਾਰਨਾਥ ਮਾਰਗ ਵੀ ਖੁੱਲ੍ਹਿਆ; ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

  • fb
  • twitter
  • whatsapp
  • whatsapp
featured-img featured-img
ਕੇਦਾਰਨਾਥ ਮੰਦਰ ਦੇ ਬਾਹਰ ਭਗਵਾਨ ਭੋਲੇਨਾਥ ਦੇ ਦਰਸ਼ਨਾਂ ਲਈ ਜੁੜੇ ਸ਼ਰਧਾਲੂ। -ਫੋਟੋ: ਪੀਟੀਆਈ
Advertisement

Char Dham Yatra Resumes: ਉੱਤਰਾਖੰਡ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਅਤੇ ਉੱਚੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਕਾਰਨ ਰੋਕੀ ਗਈ ਚਾਰਧਾਮ ਯਾਤਰਾ ਮੌਸਮ ਠੀਕ ਹੋਣ ਮਗਰੋਂ ਮੁੜ ਸ਼ੁਰੂ ਕਰ ਦਿੱਤੀ ਗਈ। ਇਹ ਯਾਤਰਾ 26 ਸਤੰਬਰ ਦੀ ਦੁਪਹਿਰ ਤੋਂ ਰੋਕੀ ਗਈ ਸੀ। ਗੜ੍ਹਵਾਲ ਮੰਡਲ ਦੇ ਕਮਿਸ਼ਨਰ ਆਨੰਦ ਸਵਰੂਪ ਨੇ ਮੌਸਮ ਵਿੱਚ ਸੁਧਾਰ ਤੋਂ ਬਾਅਦ ਯਾਤਰਾ ਮੁੜ ਚਲਾਉਣ ਦੇ ਨਿਰਦੇਸ਼ ਦਿੱਤੇ ਅਤੇ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।

ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਯਾਤਰਾ ਮੁੜ ਸ਼ੁਰੂ ਹੋਣ ਦਾ ਮਤਲਬ ਇਹ ਨਹੀਂ ਕਿ ਹਰ ਰਸਤੇ ’ਤੇ ਹਾਲਾਤ ਪੂਰੀ ਤਰ੍ਹਾਂ ਆਮ ਹੋ ਗਏ ਹਨ। ਸਥਾਨਕ ਮੌਸਮ ਅਤੇ ਸੜਕਾਂ ਦੀ ਸਥਿਤੀ ਦੇ ਆਧਾਰ ’ਤੇ ਸਬੰਧਤ ਜ਼ਿਲ੍ਹਾ ਅਧਿਕਾਰੀ ਆਪਣੇ ਇਲਾਕੇ ਵਿੱਚ ਯਾਤਰਾ ਨੂੰ ਅਸਥਾਈ ਤੌਰ ’ਤੇ ਰੋਕਣ ਦਾ ਫੈਸਲਾ ਵੀ ਲੈ ਸਕਦੇ ਹਨ। ਜੇਕਰ ਕਿਸੇ ਰਸਤੇ ’ਤੇ ਮਲਬਾ ਆਉਂਦਾ ਹੈ, ਭਾਰੀ ਮੀਂਹ ਪੈਂਦਾ ਹੈ ਜਾਂ ਆਵਾਜਾਈ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਤਾਂ ਸੁਰੱਖਿਆ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਜਾਵੇਗੀ।

Advertisement

ਚੀਰਬਾਸਾ ਨੇੜੇ ਢਿੱਗਾਂ ਡਿੱਗਣ ਕਾਰਨ ਰੋਕੀ ਗਈ ਕੇਦਾਰਨਾਥ ਦੀ ਪੈਦਲ ਯਾਤਰਾ ਅੱਜ ਮੁੜ ਸ਼ੁਰੂ ਕਰ ਦਿੱਤੀ ਗਈ। ਮਾਰਗ ਦੀ ਸਥਿਤੀ ਆਮ ਹੋਣ ਮਗਰੋਂ ਗੌਰੀਕੁੰਡ ਤੋਂ ਕੇਦਾਰਨਾਥ ਧਾਮ ਲਈ ਪੈਦਲ ਯਾਤਰੀਆਂ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।

Advertisement

ਇਸ ਤੋਂ ਪਹਿਲਾਂ ਢਿੱਗਾਂ ਡਿੱਗਣ ਕਾਰਨ ਚੀਰਬਾਸਾ ਇਲਾਕੇ ਵਿੱਚ ਯਾਤਰੀ ਫਸ ਗਏ ਸਨ। ਰਿਪੋਰਟਾਂ ਮੁਤਾਬਕ ਕਰੀਬ 1500 ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਗੌਰੀਕੁੰਡ ਪਹੁੰਚਾਇਆ ਗਿਆ ਸੀ। ਇਸ ਦੌਰਾਨ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਨਾਲ ਜੁੜੀਆਂ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਚਲਾਏ।

ਕੇਦਾਰਨਾਥ ਲਈ ਹੈਲੀਕਾਪਟਰ ਸੇਵਾ ਵੀ ਮੌਸਮ ਅਤੇ ਹਾਲਾਤ ਦੇ ਅਨੁਸਾਰ ਚਲਾਈ ਜਾ ਰਹੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਰਵਾਨਾ ਹੋਣ ਤੋਂ ਪਹਿਲਾਂ ਮੌਸਮ ਅਤੇ ਰਸਤੇ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਜ਼ਰੂਰ ਲੈਣ।

ਮੌਸਮ ਖੁੱਲ੍ਹਣ ਤੋਂ ਬਾਅਦ ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਧਾਮਾਂ ਵਿੱਚ ਵੀ ਸ਼ਰਧਾਲੂਆਂ ਦੀ ਆਮਦ ਮੁੜ ਵਧ ਗਈ ਹੈ। 28 ਸਤੰਬਰ ਨੂੰ ਬਦਰੀਨਾਥ ਧਾਮ ਵਿੱਚ 5330 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਗੰਗੋਤਰੀ ਅਤੇ ਯਮੁਨੋਤਰੀ ਵੱਲ ਜਾਣ ਵਾਲੇ ਮਾਰਗਾਂ ’ਤੇ ਵੀ ਵੱਡੀ ਗਿਣਤੀ ਵਿੱਚ ਯਾਤਰੀ ਪਹੁੰਚੇ, ਜਿਸ ਕਾਰਨ ਕੁਝ ਥਾਵਾਂ ’ਤੇ ਆਵਾਜਾਈ ਦਾ ਦਬਾਅ ਵਧ ਗਿਆ।

ਮੌਸਮ ਵਿੱਚ ਸੁਧਾਰ ਦੇ ਬਾਵਜੂਦ ਉੱਚੀਆਂ ਚੋਟੀਆਂ ’ਤੇ ਬਰਫ਼ਬਾਰੀ ਅਤੇ ਠੰਢੀਆਂ ਹਵਾਵਾਂ ਦਾ ਦੌਰ ਜਾਰੀ ਹੈ। ਇਸ ਕਾਰਨ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਗਰਮ ਕੱਪੜੇ ਨਾਲ ਰੱਖਣ ਅਤੇ ਸਥਾਨਕ ਮੌਸਮ ਦੇ ਅਨੁਸਾਰ ਯਾਤਰਾ ਕਰਨ ਦੀ ਸਲਾਹ ਦਿੱਤੀ ਹੈ।

123 ਸੜਕਾਂ ਬੰਦ, ਮੌਸਮ ’ਤੇ ਪ੍ਰਸ਼ਾਸਨ ਦੀ ਲਗਾਤਾਰ ਨਜ਼ਰ

ਯਾਤਰਾ ਬਹਾਲ ਹੋਣ ਦੇ ਬਾਵਜੂਦ ਉੱਤਰਾਖੰਡ ਵਿੱਚ ਮੀਂਹ ਕਾਰਨ ਸੜਕੀ ਆਵਾਜਾਈ ਨਾਲ ਜੁੜੀਆਂ ਚੁਣੌਤੀਆਂ ਬਰਕਰਾਰ ਹਨ। ਸੂਬੇ ਵਿੱਚ 79 ਪੇਂਡੂ ਸੜਕਾਂ ਸਮੇਤ ਕੁੱਲ 123 ਸੜਕਾਂ ਬੰਦ ਸਨ। ਪੌੜੀ ਵਿੱਚ ਸਭ ਤੋਂ ਵੱਧ 27 ਰਸਤੇ ਪ੍ਰਭਾਵਿਤ ਸਨ। ਇਸ ਤੋਂ ਇਲਾਵਾ ਨੈਨੀਤਾਲ, ਅਲਮੋੜਾ, ਚਮੋਲੀ, ਪਿਥੌਰਾਗੜ੍ਹ, ਟਿਹਰੀ, ਰੁਦਰਪ੍ਰਯਾਗ ਅਤੇ ਉੱਤਰਕਾਸ਼ੀ ਵਿੱਚ ਵੀ ਕਈ ਰਸਤੇ ਪ੍ਰਭਾਵਿਤ ਰਹੇ।

ਪ੍ਰਸ਼ਾਸਨ ਵੱਲੋਂ ਪੁਲੀਸ, ਤਹਿਸੀਲ ਪ੍ਰਸ਼ਾਸਨ ਅਤੇ ਯਾਤਰਾ ਨਾਲ ਜੁੜੇ ਨੋਡਲ ਅਧਿਕਾਰੀਆਂ ਨੂੰ ਲਗਾਤਾਰ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਯਾਤਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਇਹ ਵੀ ਅਪੀਲ ਕੀਤੀ ਹੈ ਕਿ ਯਾਤਰੀ ਬਿਨਾਂ ਮੌਸਮ ਦੀ ਜਾਣਕਾਰੀ ਲਏ ਅੱਗੇ ਨਾ ਵਧਣ ਅਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ।

Advertisement
×