Amit Shah Election Rally: ਪੱਛਮੀ ਬੰਗਾਲ ਵਿੱਚ ‘ਪਰਿਵਰਤਨ’ ਤੈਅ: ਸ਼ਾਹ
ਸੱਤਾ ’ਚ ਆਉਂਦਿਆਂ ਹੀ ਘੁਸਪੈਠੀਏ ਵਾਪਸ ਭੇਜਣ ਦਾ ਵਾਅਦਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਵਿੱਚ ‘ਪਰਿਵਰਤਨ’ ਤੈਅ ਹੈ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ਮਗਰੋਂ ਸਾਰੇ ਘੁਸਪੈਠੀਏ ਵਾਪਸ ਭੇਜ ਦਿੱਤੇ ਜਾਣਗੇ। ਅਸਾਮ ਦੇ ਪਥਰਕੰਡੀ ਵਿੱਚ ਚੋਣ ਰੈਲੀ ਦੌਰਾਨ ਉਨ੍ਹਾਂ ਕਾਂਗਰਸ ’ਤੇ ਸੂਬੇ ਦੀ ਬਰਾਕ ਵਾਦੀ ਵਿੱਚ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਸ਼ਰਨ ਦੇਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਦਾ ਇਸੇ ਲਈ ਵਿਰੋਧ ਕਰਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਇਹ ਕਾਨੂੰਨ ਸੂਬੇ ਵਿੱਚ ਘੁਸਪੈਠੀਏ ਰਹਿਣ ਨਹੀਂ ਦੇਵੇਗਾ। ਬੰਗਲਾਦੇਸ਼ ਤੋਂ ਆਏ ਸਤਾਏ ਹੋਏ ਹਿੰਦੂ ਇਸ ਕਾਨੂੰਨ ਦੇ ਦਾਇਰੇ ਵਿੱਚ ਆਉਂਦੇ ਹਨ ਪਰ ਕਾਂਗਰਸ ਮੁਸਲਿਮ ਘੁਸਪੈਠੀਆਂ ਦੇ ਸਵਾਗਤ ਲਈ ਲਾਲ ਗਲੀਚੇ ਵਿਛਾ ਰਹੀ ਹੈ। ਭਾਰਤ ਕੋਈ ‘ਧਰਮਸ਼ਾਲਾ’ ਨਹੀਂ ਹੈ ਅਤੇ ਇੱਥੇ ਘੁਸਪੈਠੀਆਂ ਲਈ ਕੋਈ ਥਾਂ ਨਹੀਂ ਹੈ। ਹੈਲਾਕਾਂਡੀ ਵਿੱਚ ਇੱਕ ਹੋਰ ਰੈਲੀ ਦੌਰਾਨ ਸ਼ਾਹ ਨੇ ਕਿਹਾ ਕਿ ਜਦੋਂ ਤੋਂ ਰਾਹੁਲ ਗਾਂਧੀ ਪਾਰਟੀ ਦੀ ਮੂਹਰਲੀ ਕਤਾਰ ਵਿੱਚ ਆਏ ਹਨ, ਕਾਂਗਰਸੀ ਆਗੂਆਂ ਦਾ ਜਨਤਕ ਪੱਧਰ ਡਿੱਗ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਅਸਾਮ ਵਿੱਚ 700 ਮਦਰੱਸੇ ਬਣਾਏ ਸਨ ਪਰ ਭਾਜਪਾ ਨੇ ਇਨ੍ਹਾਂ ’ਚੋਂ 402 ਨੂੰ ਪ੍ਰਾਇਮਰੀ ਸਕੂਲਾਂ ਵਿੱਚ ਬਦਲ ਦਿੱਤਾ। ਉਨ੍ਹਾਂ ਕਰੀਮਗੰਜ ਦਾ ਨਾਂ ਬਦਲ ਕੇ ‘ਸ੍ਰੀਭੂਮੀ’ ਰੱਖਣ ਦੇ ਫ਼ੈਸਲੇ ਦਾ ਜ਼ਿਕਰ ਕਰਦਿਆਂ ਕਾਂਗਰਸ ਲੀਡਰਸ਼ਿਪ ’ਤੇ ਨਿਸ਼ਾਨਾ ਸੇਧਿਆ। ਸੋਨੀਆ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ, ‘‘ਜਿਨ੍ਹਾਂ ਦੀਆਂ ਜੜ੍ਹਾਂ ਇਟਲੀ ਵਿੱਚ ਹਨ, ਉਨ੍ਹਾਂ ਨੂੰ ਨਾਂ ਬਦਲਣ ਦੀ ਮਹੱਤਤਾ ਬਾਰੇ ਕੀ ਪਤਾ ਹੋਵੇਗਾ?’’

