ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਸੰਯੁਕਤ ਕਿਸਾਨ ਮੋਰਚੇ ਵਿੱਚ ਬਣੇ ਫੁੱਟ ਦੇ ਆਸਾਰ ਅੱਜ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਸਪੱਸ਼ਟੀਕਰਨ ਦਿੱਤੇ ਜਾਣ ਨਾਲ ਖ਼ਤਮ ਹੋ ਗਏ। ਸ੍ਰੀ ਚੜੂਨੀ ਨੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਸ਼ਨਿਚਰਵਾਰ ਨੂੰ ਆਪਣੀ ਨਿੱਜੀ ਸਮਰੱਥਾ ਤਹਿਤ ਸਿਆਸੀ ਮੀਟਿੰਗ ਸੱਦੀ ਸੀ ਅਤੇ ਇਸ ਮੁਲਾਕਾਤ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਸੰਯੁਕਤ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਹ ਅੰਦੋਲਨ ਦੌਰਾਨ ਭਵਿੱਖ ’ਚ ਕਿਸੇ ਵੀ ਸਿਆਸੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ‘ਮੈਂ ਸੰਯੁਕਤ ਕਿਸਾਨ ਮੋਰਚੇ ਨਾਲ ਸੀ, ਹਾਂ ਅਤੇ ਰਹਾਂਗਾ।’ ਕਮੇਟੀ ਨੇ ਸਪੱਸ਼ਟੀਕਰਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਚੜੂਨੀ ਦੇ ਬਿਆਨ ਨਾਲ ਹੁਣ ਵਿਵਾਦ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ,‘‘ਇਤਿਹਾਸਕ ਅੰਦੋਲਨ ਜਿਸ ਮੋੜ ’ਤੇ ਹੈ, ਉਸ ਵਿੱਚ ਏਕਤਾ ਅਤੇ ਅਨੁਸ਼ਾਸਨ ਸਭ ਤੋਂ ਉਪਰ ਹੈ।’’ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਕੋਈ ਵੀ ਜਥੇਬੰਦੀ ਜਾਂ ਪਾਰਟੀ ਆਪਣੇ ਆਪ ਇਸ ਅੰਦੋਲਨ ਦੀ ਹਮਾਇਤ ਕਰਨ ਲਈ ਆਜ਼ਾਦ ਹੈ ਪਰ ਅੰਦੋਲਨ ਦਾ ਸਿੱਧੇ ਤੌਰ ’ਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਚੜੂਨੀ ਦੇ ਸਿਆਸੀ ਪਾਰਟੀਆਂ ਦੇ ਕਥਿਤ ਸੰਪਰਕ ਵਿੱਚ ਹੋਣ ਦੇ ਲੱਗੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਸੀ ਜਿਸ ਨੇ ਤਿੰਨ ਦਿਨਾਂ ’ਚ ਰਿਪੋਰਟ ਦੇਣੀ ਸੀ ਪਰ ਉਸ ਤੋਂ ਪਹਿਲਾਂ ਹੀ ਵਿਵਾਦ ਖ਼ਤਮ ਹੋ ਗਿਆ।
ਮੋਰਚੇ ਦੇ ਆਗੂਆਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਚੜੂਨੀ ਵੱਲੋਂ ਸੱਦੀ ‘ਸਮੁੱਚੀ ਸਿਆਸੀ ਪਾਰਟੀਆਂ ਦੀ ਮੀਟਿੰਗ’ ਨਾਲ ਕੋਈ ਸਬੰਧ ਨਹੀਂ ਹੈ। ਉਧਰ ਮੋਰਚੇ ਦੇ ਮੱਧ ਪ੍ਰਦੇਸ਼ ਤੋਂ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਜੋ ਬਿਆਨ ਇਕ ਹਿੰਦੀ ਅਖ਼ਬਾਰ ਵਿੱਚ ਉਨ੍ਹਾਂ (ਸ੍ਰੀ ਕੱਕਾ) ਦੇ ਹਵਾਲੇ ਨਾਲ ਛਾਪਿਆ ਗਿਆ ਹੈ ਉਹ ਗ਼ਲਤ ਹੈ ਜਿਸ ਕਰਕੇ ਉਹ ਅਖ਼ਬਾਰ ਖ਼ਿਲਾਫ਼ ਕਾਰਵਾਈ ਵੀ ਕਰ ਸਕਦੇ ਹਨ। ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਪੱੱਤਰਕਾਰਾਂ ਨੇ ਸ੍ਰੀ ਚੜੂਨੀ ਬਾਰੇ ਸਵਾਲ ਪੁੱਛੇ ਸਨ ਅਤੇ ਸ੍ਰੀ ਕੱਕਾ ਨੇ ਕਿਹਾ ਸੀ ਕਿ ਉਨ੍ਹਾਂ ਬਾਰੇ ਪਹਿਲਾਂ ਮੋਰਚੇ ਦੇ ਪੱਧਰ ’ਤੇ ਚਰਚਾ ਹੋਵੇਗੀ।