ਕੇਂਦਰ ਵੱਲੋਂ Navi Mumbai International Airport ਕੌਮਾਂਤਰੀ ਇਮੀਗ੍ਰੇਸ਼ਨ ਚੌਕੀ ਵਜੋਂ ਨੋਟੀਫਾਈ
15 ਜੁਲਾਈ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ; ਯਾਤਰੀਆਂ ਦੇ ਨਾਲ ਕਾਰਗੋ ਸੇਵਾ ਵੀ ਹੋਵੇਗੀ ਸ਼ੁਰੂ
ਕੇਂਦਰ ਸਰਕਾਰ ਨੇ ਅਡਾਨੀ ਸਮੂਹ ਵੱਲੋਂ ਵਿਕਸਤ ਕੀਤੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਭਾਰਤ ਵਿੱਚ ਦਾਖ਼ਲੇ ਅਤੇ ਦੇਸ਼ ਤੋਂ ਬਾਹਰ ਜਾਣ ਲਈ ਅਧਿਕਾਰਤ ਇਮੀਗ੍ਰੇਸ਼ਨ ਚੌਕੀ (ਇਮੀਗ੍ਰੇਸ਼ਨ ਪੋਸਟ) ਵਜੋਂ ਨੋਟੀਫਾਈ ਕਰ ਦਿੱਤਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਨਾਗਰਿਕ ਕਾਨੂੰਨ, 2025 ਤਹਿਤ ਨਵੀਂ ਮੁੰਬਈ ਹਵਾਈ ਅੱਡੇ ਨੂੰ ਭਾਰਤ ਦੀ 38ਵੀਂ ਅਧਿਕਾਰਤ ਇਮੀਗ੍ਰੇਸ਼ਨ ਚੌਕੀ ਦਾ ਦਰਜਾ ਦਿੱਤਾ ਗਿਆ ਹੈ। ਇਸ ਨਾਲ ਇਸ ਹਵਾਈ ਅੱਡੇ ਨੂੰ ਪਿਛਲੇ ਸਾਲ ਸਤੰਬਰ ਵਿੱਚ ਅਧਿਸੂਚਿਤ ਕੀਤੀਆਂ ਗਈਆਂ ਹੋਰ ਇਮੀਗ੍ਰੇਸ਼ਨ ਚੌਕੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 15 ਜੁਲਾਈ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ। ਯਾਤਰੀ ਉਡਾਣਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਮਾਲ ਢੋਣ ਵਾਲੀਆਂ (ਫ੍ਰੇਟਰ) ਉਡਾਣਾਂ ਦੀ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ।
ਮੁੰਬਈ ਮਹਾਨਗਰ ਖੇਤਰ ਦੇ ਦੂਜੇ ਹਵਾਈ ਅੱਡੇ ਵਜੋਂ ਵਿਕਸਤ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਪਿਛਲੇ ਸਾਲ ਦਸੰਬਰ ਵਿੱਚ ਹੋਈ ਸੀ। ਇਸ ਵੇਲੇ ਹਵਾਈ ਅੱਡਾ ਰੋਜ਼ਾਨਾ ਕਰੀਬ 20 ਹਜ਼ਾਰ ਯਾਤਰੀਆਂ ਨੂੰ ਸੇਵਾ ਦੇ ਰਿਹਾ ਹੈ ਅਤੇ ਇੱਥੋਂ ਲਗਪਗ 150 ਜਹਾਜ਼ ਉਡਾਣ ਭਰਦੇ ਤੇ ਉਤਰਦੇ ਹਨ।
ਹਵਾਈ ਅੱਡਾ ਪ੍ਰਬੰਧਨ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਰੋਜ਼ਾਨਾ ਯਾਤਰੀਆਂ ਦੀ ਗਿਣਤੀ ਵੱਧ ਕੇ 50 ਹਜ਼ਾਰ ਤੱਕ ਪਹੁੰਚ ਜਾਵੇਗੀ।

