ਨਵੀਂ ਦਿੱਲੀ, 8 ਫਰਵਰੀ
ਭਾਰਤ ਸਰਕਾਰ ਨੇ ‘ਟਵਿੱਟਰ’ ਨੂੰ ਇਕ ਨਵਾਂ ਨੋਟਿਸ ਭੇਜ ਕੇ 1178 ਹੋਰ ਅਕਾਊਂਟ ਬੰਦ ਕਰਨ ਲਈ ਕਿਹਾ ਹੈ। ਸਰਕਾਰ ਮੰਨ ਰਹੀ ਹੈ ਕਿ ਇਹ ਖਾਤੇ ਖਾਲਿਸਤਾਨ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਦੇ ਹਨ ਤੇ ਇਨ੍ਹਾਂ ਨੂੰ ਪਾਕਿਸਤਾਨ ਦੀ ਵੀ ਹਮਾਇਤ ਹੈ। ਸਰਕਾਰ ਨੇ ‘ਟਵਿੱਟਰ’ ਨੂੰ 10 ਦਿਨਾਂ ਵਿਚ ਇਹ ਦੂਜਾ ਨੋਟਿਸ ਭੇਜਿਆ ਹੈ। ਸੂਤਰਾਂ ਮੁਤਾਬਕ ਟਵਿੱਟਰ ਨੂੰ ਨਵਾਂ ਨੋਟਿਸ ਪਿਛਲੇ ਹਫ਼ਤੇ ਵੀਰਵਾਰ ਨੂੰ ਭੇਜਿਆ ਗਿਆ ਹੈ ਤੇ ਕੰਪਨੀ ਨੇ ਹਾਲੇ ਤੱਕ ਹੁਕਮਾਂ ਉਤੇ ਅਮਲ ਨਹੀਂ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਵੀ ਆਈਟੀ ਮੰਤਰਾਲੇ ਨੇ ਮਾਈਕ੍ਰੋ-ਬਲੌਗਿੰਗ ਪਲੈਟਫਾਰਮ ਨੂੰ 257 ਅਕਾਊਂਟ ਬੰਦ ਕਰਨ ਲਈ ਕਿਹਾ ਸੀ। ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਈ ਹੈਸ਼ਟੈਗ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਚਲਾਏ ਗਏ ਸਨ। ਅਕਾਊਂਟ ਬੰਦ ਕਰਨ ਲਈ ਸਰਕਾਰ ਨੇ ਆਈਟੀ ਐਕਟ ਦੀ ਧਾਰਾ 69ਏ ਦਾ ਹਵਾਲਾ ਦਿੱਤਾ ਸੀ। ਸਰਕਾਰ ਨੇ ਟਵਿੱਟਰ ਨੂੰ ਹੁਕਮ ਨਾ ਮੰਨਣ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਸੀ। ਕੇਂਦਰ ਸਰਕਾਰ ਨੇ ਕਿਹਾ ਸੀ ਕਿ ਹੈਸ਼ਟੈਗ ਨਾਲ ਟਵੀਟ ‘ਨਫ਼ਰਤ’ ਫੈਲਾਉਣ ਲਈ ਕੀਤੇ ਗਏ ਹਨ। ਹਾਲਾਂਕਿ ਟਵਿੱਟਰ ਨੇ ਸਮੀਖ਼ਿਆ ਮਗਰੋਂ ਕਈ ਅਕਾਊਂਟ ਮੁੜ ਚਲਾ ਦਿੱਤੇ ਸਨ।
-ਆਈਏਐਨਐੱਸ
ਭਾਰਤੀ ਹਸਤੀਆਂ ਵੱਲੋਂ ਕੀਤੇ ਟਵੀਟਾਂ ਦੀ ਜਾਂਚ ਕਰੇਗੀ ਮਹਾਰਾਸ਼ਟਰ ਸਰਕਾਰ
ਮੁੰਬਈ: ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਸਾਨ ਅੰਦੋਲਨ ਦੇ ਸੰਦਰਭ ਵਿਚ ਉੱਘੀਆਂ ਭਾਰਤੀ ਸ਼ਖ਼ਸੀਅਤਾਂ ਵੱਲੋਂ ਕੀਤੇ ਗਏ ਟਵੀਟਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਕੌਮਾਂਤਰੀ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਲਤਾ ਮੰਗੇਸ਼ਕਰ, ਸਚਨਿ ਤੇਂਦੁਲਕਰ, ਅਕਸ਼ੈ ਕੁਮਾਰ ਤੇ ਸਾਇਨਾ ਨੇਹਵਾਲ ਨੇ ਕਿਸਾਨ ਸੰਘਰਸ਼ ਬਾਰੇ ਟਵੀਟ ਕੀਤੇ ਸਨ। ਉਨ੍ਹਾਂ ਲੋਕਾਂ ਨੂੰ ਏਕਾ ਬਣਾ ਕੇ ਰੱਖਣ ਲਈ ਕਿਹਾ ਸੀ। ਦੇਸ਼ਮੁਖ ਨੇ ਮਾਮਲੇ ਨੂੰ ‘ਗੰਭੀਰ’ ਦੱਸਦਿਆਂ ਕਿਹਾ ਕਿ ਖ਼ੁਫ਼ੀਆ ਵਿਭਾਗ ਮਾਮਲੇ ਦੀ ਤਹਿ ਤੱਕ ਜਾਵੇਗਾ। ਦੱਸਣਯੋਗ ਹੈ ਕਿ ਕਈ ਟਵੀਟਾਂ ਦੀ ਸ਼ਬਦਾਵਲੀ ਇਕੋ-ਜਿਹੀ ਸੀ ਤੇ ਇਹ ਕੀਤੇ ਵੀ ਇਕੋ ਸਮੇਂ ਗਏ ਸਨ। ਇਸ ਤੋਂ ਪਹਿਲਾਂ ਮਹਾਰਾਸ਼ਟਰ ਕਾਂਗਰਸ ਦੇ ਬੁਲਾਰੇ ਸਚਨਿ ਸਾਵੰਤ ਤੇ ਹੋਰਾਂ ਨੇ ਇਹ ਜਾਣਨ ਲਈ ਸ਼ਿਕਾਇਤ ਦਰਜ ਕਰਵਾਈ ਸੀ ਕਿ ‘ਕਿਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਪੱਖ ਵਿਚ ਟਵੀਟ ਕਿਸੇ ਤਰ੍ਹਾਂ ਦੇ ਦਬਾਅ ਵਿਚ ਆ ਕੇ ਤਾਂ ਨਹੀਂ ਕੀਤੇ ਗਏ।’ -ਪੀਟੀਆਈ