ਸੀ ਬੀ ਐੱਸ ਈ ਨੇ ਪਹਿਲੀ ਜੁਲਾਈ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿੰਨ ਭਾਸ਼ਾਵਾਂ ਦਾ ਅਧਿਐਨ ਲਾਜ਼ਮੀ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਘੱਟੋ-ਘੱਟ ਦੋ ਮੂਲ ਭਾਰਤੀ ਭਾਸ਼ਾਵਾਂ ਵੀ ਸ਼ਾਮਲ ਹਨ। ਇਹ ਜਾਣਕਾਰੀ ਬੋਰਡ ਵੱਲੋਂ ਜਾਰੀ ਸਰਕੁਲਰ ਵਿੱਚ ਦਿੱਤੀ ਗਈ ਹੈ। ਇਹ ਪਹਿਲਕਦਮੀ ਸੀ ਬੀ ਐੱਸ ਈ ਦੀ ਆਪਣੀ ਅਧਿਐਨ ਯੋਜਨਾ ਨੂੰ ਕੌਮੀ ਸਿੱਖਿਆ ਨੀਤੀ (ਐੰੱਨ ਈ ਪੀ) 2020 ਅਤੇ ਸਕੂਲ ਸਿੱਖਿਆ ਲਈ ਕੌਮੀ ਪਾਠਕ੍ਰਮ ਢਾਂਚੇ (ਐੱਨ ਸੀ ਐੱਫ-ਐੱਸ ਈ) 2023 ਦੇ ਅਨੁਕੂਲ ਬਣਾਉਣ ਦੀ ਕੜੀ ਦਾ ਹਿੱਸਾ ਹੈ।
ਬੋਰਡ ਵੱਲੋਂ 15 ਮਈ ਨੂੰ ਜਾਰੀ ਸਰਕੁਲਰ ਮੁਤਾਬਕ ਵਿਦੇਸ਼ੀ ਭਾਸ਼ਾ ਦੀ ਚੋਣ ਕਰਨ ਵਾਲੇ ਵਿਦਿਆਰਥੀ ਦੋ ਮੂਲ ਭਾਰਤੀ ਭਾਸ਼ਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਤੀਜੀ ਭਾਸ਼ਾ ਵਜੋਂ ਜਾਂ ਇੱਕ ਵਾਧੂ ਚੌਥੀ ਭਾਸ਼ਾ ਵਜੋਂ ਅਜਿਹਾ ਕਰ ਸਕਦੇ ਹਨ। ਸਰਕੁਲਰ ਵਿੱਚ ਲਿਖਿਆ ਹੈ ਕਿ ‘ਪਹਿਲੀ ਜੁਲਾਈ 2026 ਤੋਂ, ਨੌਵੀਂ ਜਮਾਤ ਲਈ ਤਿੰਨ ਭਾਸ਼ਾਵਾਂ (ਆਰ 1, ਆਰ 2, ਆਰ 3) ਦਾ ਅਧਿਐਨ ਲਾਜ਼ਮੀ ਹੋਵੇਗਾ, ਜਿਸ ਵਿੱਚ ਘੱਟੋ-ਘੱਟ ਦੋ ਭਾਸ਼ਾਵਾਂ ਮੂਲ ਭਾਰਤੀ ਭਾਸ਼ਾਵਾਂ ਹੋਣਗੀਆਂ।’ ਸੀ ਬੀ ਐੱਸ ਈ ਨੇ ਕਿਹਾ ਕਿ ਸਿੱਖਣ ’ਤੇ ਧਿਆਨ ਕੇਂਦਰਿਤ ਰੱਖਣ ਅਤੇ ਵਿਦਿਆਰਥੀਆਂ ਉੱਤੇ ਬੇਲੋੜੇ ਦਬਾਅ ਨੂੰ ਘਟਾਉਣ ਲਈ, ਦਸਵੀਂ ਜਮਾਤ ਦੇ ਪੱਧਰ ’ਤੇ ਆਰ 3 ਲਈ ਕੋਈ ਬੋਰਡ ਪ੍ਰੀਖਿਆ ਨਹੀਂ ਲਈ ਜਾਵੇਗੀ।
ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ‘ਆਰ 3 ਲਈ ਸਾਰੇ ਮੁਲਾਂਕਣ ਪੂਰੀ ਤਰ੍ਹਾਂ ਸਕੂਲ-ਅਧਾਰਤ ਅਤੇ ਅੰਦਰੂਨੀ ਹੋਣਗੇ। ਆਰ 3 ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸੀ ਬੀ ਐੱਸ ਈ ਸਰਟੀਫਿਕੇਟ ਵਿੱਚ ਸਹੀ ਢੰਗ ਨਾਲ ਦਰਸਾਈ ਜਾਵੇਗੀ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਆਰ 3 ਕਰ ਕੇ ਕਿਸੇ ਵੀ ਵਿਦਿਆਰਥੀ ਨੂੰ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ। ਬੋਰਡ ਵੱਲੋਂ ਅੰਦਰੂਨੀ ਮੁਲਾਂਕਣ ਲਈ ਨਮੂਨਾ ਪ੍ਰਸ਼ਨ ਪੱਤਰ, ਰੁਬਰਿਕਸ (ਸੇਧਾਂ) ਜਲਦੀ ਹੀ ਸਾਂਝੇ ਕੀਤੇ ਜਾਣਗੇ।’’ ਬੋਰਡ ਨੇ ਸਕੂਲਾਂ ਨੂੰ 30 ਜੂਨ ਤੱਕ ‘ਓ ਏ ਐੱਸ ਆਈ ਐੱਸ’ ਪੋਰਟਲ ’ਤੇ 6ਵੀਂ ਤੋਂ 9ਵੀਂ ਜਮਾਤ ਲਈ ਆਪਣੀਆਂ ਆਰ 3 ਭਾਸ਼ਾ ਦੀਆਂ ਪੇਸ਼ਕਸ਼ਾਂ ਨੂੰ ਅਪਡੇਟ ਕਰਨ ਲਈ ਵੀ ਕਿਹਾ ਹੈ।

