CBI ਵੱਲੋਂ ਰਿਲਾਇੰਸ ਕੈਪੀਟਲ ਅਤੇ Anil Ambani ਖ਼ਿਲਾਫ਼ ਐੱਫ ਆਈ ਆਰ
2,684 ਕਰੋੜ ਰੁਪਏ ਤੋਂ ਵੱਧ ਦੇ ਫੰਡਾਂ ਦੀ ਧੋਖਾਧੜੀ ਦਾ ਦੋਸ਼; ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਦੀ ਸ਼ਿਕਾਇਤ ’ਤੇ ਕਾਰਵਾਈ
Anil Ambani LIC Fraud: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਰਿਲਾਇੰਸ ਕੈਪੀਟਲ ਲਿਮਟਿਡ (RCAP), ਇਸ ਦੇ ਸਾਬਕਾ ਚੇਅਰਮੈਨ ਅਨਿਲ ਡੀ. ਅੰਬਾਨੀ, ਰਿਲਾਇੰਸ ਏਡੀਏ ਗਰੁੱਪ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਸਤੀਸ਼ ਸੇਠ, ਅਣਪਛਾਤੇ ਲੋਕ ਸੇਵਕਾਂ ਅਤੇ ਹੋਰਾਂ ਖ਼ਿਲਾਫ਼ ਇੱਕ ਐੱਫਆਈਆਰ (FIR) ਦਰਜ ਕੀਤੀ ਹੈ।
ਐੱਫਆਈਆਰ ਮੁਤਾਬਕ ਐਲਆਈਸੀ ਨੇ ਦੋਸ਼ ਲਾਇਆ ਹੈ ਕਿ 12 ਅਪਰੈਲ 2012 ਤੋਂ 9 ਮਾਰਚ 2018 ਦੌਰਾਨ, ਐਲਆਈਸੀ ਨੇ ਕਾਰਪੋਰੇਟ ਲੋੜਾਂ ਅਤੇ ਕਰਜ਼ੇ ਲਈ ਆਰਸੀਏਪੀ (RCAP) ਵੱਲੋਂ ਜਾਰੀ ਕੀਤੇ ਗਏ 3,900 ਕਰੋੜ ਰੁਪਏ ਦੇ ਪੰਜ ਗ਼ੈਰ-ਕਨਵਰਟੀਬਲ ਡਿਬੈਂਚਰਾਂ (NCDs) ਵਿੱਚ ਨਿਵੇਸ਼ ਕੀਤਾ ਸੀ। ਦੋਸ਼ ਹੈ ਕਿ ਅਪਰਾਧਿਕ ਸਾਜ਼ਿਸ਼ ਰਚ ਕੇ ਧੋਖਾਧੜੀ, ਫੰਡਾਂ ਦੀ ਦੁਰਵਰਤੋਂ ਅਤੇ ਖਾਤਿਆਂ ਵਿੱਚ ਹੇਰਾਫੇਰੀ ਕੀਤੀ, ਜਿਸ ਨਾਲ ਐਲਆਈਸੀ ਨੂੰ 2,684.57 ਕਰੋੜ ਰੁਪਏ ਦਾ ਭਾਰੀ ਨੁਕਸਾਨ ਪਹੁੰਚਿਆ ਅਤੇ ਦੋਸ਼ੀਆਂ ਨੇ ਖੁਦ ਲਈ ਗ਼ੈਰ-ਕਾਨੂੰਨੀ ਲਾਭ ਕਮਾਇਆ। ਸੀਬੀਆਈ ਹੁਣ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਅਤੇ ਫੰਡਾਂ ਦੀ ਅੰਤਿਮ ਵਰਤੋਂ ਦਾ ਪਤਾ ਲਗਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੀਬੀਆਈ ਨੇ ਵੱਖ-ਵੱਖ ਬੈਂਕਾਂ, ਈਪੀਐੱਫਓ ਅਤੇ ਐਲਆਈਸੀ ਦੀਆਂ ਸ਼ਿਕਾਇਤਾਂ 'ਤੇ ਰਿਲਾਇੰਸ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਖ਼ਿਲਾਫ਼ ਅੱਠ ਐੱਫਆਈਆਰ ਦਰਜ ਕੀਤੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਛੇ ਮਾਮਲਿਆਂ ਵਿੱਚ ਚਾਰਜਸ਼ੀਟ ਦਾਖ਼ਲ ਕਰਕੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ।
ਦੂਜੇ ਪਾਸੇ, ਇਸ ਪੂਰੇ ਘਟਨਾਕ੍ਰਮ 'ਤੇ ਪ੍ਰਤੀਕਰਮ ਦਿੰਦਿਆਂ ਅਨਿਲ ਡੀ. ਅੰਬਾਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਸੀਬੀਆਈ ਵੱਲੋਂ ਦਰਜ ਕੀਤੀ ਗਈ ਇਹ ਐੱਫਆਈਆਰ ਰਿਲਾਇੰਸ ਕੈਪੀਟਲ ਲਿਮਟਿਡ ਨਾਲ ਸਬੰਧਤ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਅਨਿਲ ਅੰਬਾਨੀ 2005 ਤੋਂ ਲੈ ਕੇ ਨਵੰਬਰ 2021 ਤੱਕ (ਜਦੋਂ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕੰਪਨੀ ਦੇ ਬੋਰਡ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਸੀ) ਇਸ ਕੰਪਨੀ ਦੇ ਨਾਨ-ਐਗਜ਼ੀਕਿਊਟਿਵ ਡਾਇਰੈਕਟਰ/ਚੇਅਰਮੈਨ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।

