ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਅੱਜ ਜ਼ਬਰਦਸਤ ਬੈਰੀਕੇਡਿੰਗ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਜੰਤਰ ਮੰਤਰ ਪਹੁੰਚਣ ’ਤੇ ਪੁਲੀਸ ਨੇ ਹਿਰਾਸਤ ਵਿੱਚ ਲੈਣ ਮਗਰੋਂ ਇਨ੍ਹਾਂ ਖਿ਼ਲਾਫ਼ ਦਿੱਲੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਸੀ ਜੇ ਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਅਜਿੰਕਿਆ ਸ਼ਿੰਦੇ ਸਮੇਤ ਹੋਰ ਟੀਮ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਨੇ ਕਥਿਤ ਤੌਰ ’ਤੇ ਬਿਨਾਂ ਇਜਾਜ਼ਤ ਜੰਤਰ ਮੰਤਰ ਵਿੱਚ ਦਾਖ਼ਲ ਹੋਣ ’ਤੇ ਸੀ ਜੇ ਪੀ ਆਗੂਆਂ ਸੌਰਵ ਦਾਸ, ਆਸ਼ੂਤੋਸ਼ ਰਾਂਕਾ ਤੇ ਹੋਰਾਂ ਖ਼ਿਲਾਫ਼ ਐੱਫ ਆਈ ਆਰ ਦਰਜ ਕਰ ਲਈ ਹੈ। ਜ਼ਿਕਰਯੋਗ ਹੈ ਕਿ ਜੰਤਰ ਮੰਤਰ ਨੂੰ ਧਰਨੇ ਵਾਲੀ ਥਾਂ ਵਜੋਂ ਡੀਨੋਟੀਫਾਈ ਕਰ ਦਿੱਤਾ ਗਿਆ ਹੈ। ਸੰਗਠਨ ਦੇ ਕਰੀਬ 11 ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਦੀਪਕੇ ਨੇ ਕਿਹਾ, ‘‘ਕੌਕਰੋਚ ਤਿਰੰਗਾ ਲੈ ਕੇ ਦਿੱਲੀ ਪੁਲੀਸ ਵੱਲੋਂ ਫੜੇ ਜਾਣ ਤੋਂ ਪਹਿਲਾਂ ਹੀ ਅੱਜ ਸਵੇਰੇ ਜੰਤਰ ਮੰਤਰ ਵਿੱਚ ਦਾਖ਼ਲ ਹੋ ਗਏ ਸਨ।’’ ਉਨ੍ਹਾਂ ਕਿਹਾ ਕਿ ਰਾਂਕਾ, ਦਾਸ ਅਤੇ ਸ਼ਿੰਦੇ ਨੂੰ ਹੋਰ ਟੀਮ ਮੈਂਬਰਾਂ ਦੇ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਦੀਪਕੇ ਨੇ ਕਿਹਾ, ‘‘ਤੁਸੀਂ ਵਿਰੋਧ ਮੁਜ਼ਾਹਰਿਆਂ ਦੇ ਅਧਿਕਾਰ ਨੂੰ ਰੱਦ ਨਹੀਂ ਕਰ ਸਕਦੇ।’’ ਦੀਪਕੇ ਨੇ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਸੀ ਜੇ ਪੀ ਦੇ ਮੈਂਬਰ ਜੰਤਰ ਮੰਤਰ ਵਿੱਚ ਦਾਖ਼ਲ ਹੋਣ ਲਈ ਇੱਕ ਗੇਟ ਟੱਪਦੇ ਹੋਏ ਨਜ਼ਰ ਆ ਰਹੇ ਹਨ। ਸੀ ਜੇ ਪੀ ਮੈਂਬਰਾਂ ਨੇ ਕਿਹਾ ਕਿ ਉਹ ਤੈਅਸ਼ੁਦਾ ਥਾਂ ’ਤੇ ਰੋਸ ਵਿਖਾਵਾ ਕਰਨ ਦੇ ਆਪਣੇ ਅਧਿਕਾਰ ਨੂੰ ਬਚਾਉਣ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਨ ਲਈ ਜੰਤਰ ਮੰਤਰ ਵਿੱਚ ਦਾਖ਼ਲ ਹੋਏ ਸਨ। ਦਾਸ ਨੇ ਮੁਜ਼ਾਹਰੇ ਵਾਲੀ ਥਾਂ ਉਤੇ ਜਾਣ ’ਤੇ ਗ੍ਰਹਿ ਮੰਤਰਾਲੇ ਦੀਆਂ ਪਾਬੰਦੀਆਂ ’ਤੇ ਸਵਾਲ ਉਠਾਉਂਦੇ ਹੋਏ ਕਿਹਾ, ‘‘ਗ੍ਰਹਿ ਮੰਤਰਾਲਾ ਕੌਣ ਹੁੰਦਾ ਹੈ ਸਾਡਾ ਜੰਤਰ ਮੰਤਰ ਖੋਹਣ ਵਾਲਾ? ਇਹ ਨਿਰਧਾਰਤ ਮੁਜ਼ਾਹਰਿਆਂ ਵਾਲੀ ਥਾਂ ਹੈ, ਅਤੇ ਅਸੀਂ ਜੰਤਰ ਮੰਤਰ ਤੋਂ ਹੀ ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਲੈ ਕੇ ਰਹਾਂਗੇ।’’ -ਪੀਟੀਆਈ

