ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

* ਲਗਾਤਾਰ ਚੌਥੇ ਦਿਨ 20 ਹਜ਼ਾਰ ਤੋਂ ਵੱਧ ਮਾਮਲੇ * 24 ਘੰਟਿਆਂ ਦੌਰਾਨ 425 ਮੌਤਾਂ

ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

ਨਵੀਂ ਦਿੱਲੀ, 6 ਜੁਲਾਈ

ਭਾਰਤ ਵਿਚ ਅੱਜ ਕਰੋਨਾਵਾਇਰਸ ਦੇ 24,248 ਮਾਮਲੇ ਉਜਾਗਰ ਹੋਏ ਹਨ। ਇਸ ਤਰ੍ਹਾਂ ਮੁਲਕ ਵਿਚ ਕੋਵਿਡ ਦੇ ਕੇਸਾਂ ਦਾ ਅੰਕੜਾ ਸੱਤ ਲੱਖ ਨੂੰ ਢੁੱਕ ਗਿਆ ਹੈ। ਪੀਟੀਆਈ ਵੱਲੋਂ ਇਕੱਤਰ ਅੰਕੜਿਆਂ ਮੁਤਾਬਕ ਭਾਰਤ ਵਿਚ ਕੇਸਾਂ ਦੀ ਗਿਣਤੀ 7,00,150 ਹੋ ਗਈ ਹੈ ਤੇ ਕਰੀਬ ਇਕ ਕਰੋੜ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਮੁਲਕ ਵਿਚ ਕੇਸਾਂ ਦੇ ਲੱਖ ਤੱਕ ਪਹੁੰਚਣ ਨੂੰ 110 ਦਿਨ ਲੱਗੇ ਜਦਕਿ ਸੱਤ ਲੱਖ ਤੋ ਵੱਧ ਕੇਸ ਅਗਲੇ 48 ਦਿਨਾਂ ਵਿਚ ਹੀ ਹੋ ਗਏ ਹਨ। 24 ਘੰਟਿਆਂ ਦੌਰਾਨ 425 ਮੌਤਾਂ ਹੋਣ ਨਾਲ ਮੌਤਾਂ ਦਾ ਅੰਕੜਾ ਵੀ 19,693 ਹੋ ਗਿਆ ਹੈ। ਲਗਾਤਾਰ ਚੌਥੇ ਦਿਨ 20 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ ਭਾਰਤ ਨੇ ਰੂਸ ਨੂੰ ਪਛਾੜ ਦਿੱਤਾ ਤੇ ਹੁਣ ਇਹ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ਵਿਚ ਤੀਜੇ ਨੰਬਰ ਉਤੇ ਹੈ। ਜਦਕਿ ਅਮਰੀਕਾ ਤੇ ਬ੍ਰਾਜ਼ੀਲ ਭਾਰਤ ਨਾਲੋਂ ਵੱਧ ਪ੍ਰਭਾਵਿਤ ਮੁਲਕ ਹਨ।

ਸਿਹਤ ਮੰਤਰਾਲੇ ਵੱਲੋਂ ਜਾਰੀ ਸੂਚਨਾ ਮੁਤਾਬਕ ਭਾਰਤ ਵਿਚ ਹੁਣ ਤੱਕ ਕਰੋਨਾਵਾਇਰਸ ਦੇ 6,97,413 ਕੇਸ ਸਾਹਮਣੇ ਆ ਚੁੱਕੇ ਹਨ। ਕਰੀਬ 4,24,432 ਲੋਕ ਠੀਕ ਵੀ ਹੋ ਚੁੱਕੇ ਹਨ। ਮੁਲਕ ਵਿਚ ਇਸ ਵੇਲੇ 2,53,287 ਐਕਟਿਵ ਕੇਸ ਹਨ। ਸਿਹਤਯਾਬੀ ਦੀ ਦਰ 60.85 ਫ਼ੀਸਦ ਹੈ। ਆਈਸੀਐਮਆਰ ਮੁਤਾਬਕ 99,69,662 ਨਮੂਨੇ ਲਏ ਜਾ ਚੁੱਕੇ ਹਨ। ਐਤਵਾਰ ਨੂੰ ਕਰੀਬ 1,80,596 ਨਮੂਨੇ ਲਏ ਗਏ ਹਨ। ਲੰਘੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿਚ ਸਭ ਤੋਂ ਵੱਧ 151 ਮੌਤਾਂ ਹੋਈਆਂ ਹਨ, ਦਿੱਲੀ ’ਚ 63, ਤਾਮਿਲਨਾਡੂ ਵਿਚ 60, ਕਰਨਾਟਕ ’ਚ 37, ਪੱਛਮੀ ਬੰਗਾਲ ਵਿਚ 21 ਤੇ ਗੁਜਰਾਤ ’ਚ 18 ਮੌਤਾਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ, ਯੂਪੀ, ਤਿਲੰਗਾਨਾ ਤੇ ਕਰਨਾਟਕ ਵਾਇਰਸ ਨਾਲ ਭਾਰਤ ਵਿਚ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਹਨ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All