Canadians Missing in Nepal: ਹੜ੍ਹਾਂ ਕਾਰਨ ਲਾਪਤਾ 32 ਕੈਨੇਡੀਅਨ ’ਚੋਂ ਇੱਕ ਘਰ ਪਰਤਿਆ, ਬਾਕੀਆਂ ਦੀ ਭਾਲ ਜਾਰੀ
ਵਿਦੇਸ਼ ਮੰਤਰੀ Anita Anand ਨੇਪਾਲ ਸਰਕਾਰ ਨਾਲ ਲਗਾਤਾਰ ਰਾਬਤੇ ’ਚ
ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਨੇਪਾਲ ਵਿੱਚ ਲਾਪਤਾ ਹੋਏ ਕੈਨੇਡਾ ਦੇ 32 ਨਾਗਰਿਕਾਂ ’ਚੋਂ ਇੱਕ ਵਿਅਕਤੀ ਤਾਂ ਸੁਰੱਖਿਅਤ ਆਪਣੇ ਘਰ ਪਹੁੰਚ ਗਿਆ ਹੈ, ਪਰ ਉਸ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਘਰ ਪਰਤੇ ਸ਼ਖਸ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬੇਸਬਰੀ ਅਤੇ ਬੇਚੈਨੀ ਨਾਲ ਆਪਣੇ ਲਾਪਤਾ ਜੀਆਂ ਦੀ ਉਡੀਕ ਕਰ ਰਿਹਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪੋਰਟ ਮੂਡੀ ਦੇ ਰਹਿਣ ਵਾਲੇ ਕੈਨੇਡੀਅਨ ਨਾਗਰਿਕ ਖੇਵਲ ਸ਼ਾਹ ਅਨੁਸਾਰ, ਉਹ ਆਪਣੇ ਵੱਡੇ ਭਰਾ ਧਵਲ ਸ਼ਾਹ ਅਤੇ ਭਾਬੀ ਮੇਘਾ ਸ਼ਾਹ ਦੀ ਸਲਾਮਤੀ ਨੂੰ ਲੈ ਕੇ ਡਾਢੇ ਚਿੰਤਤ ਹਨ। ਇਹ ਪਰਿਵਾਰ ਧਾਰਮਿਕ ਯਾਤਰਾ ਲਈ ਨੇਪਾਲ ਰਸਤੇ ਮਾਊਂਟ ਕੈਲਾਸ਼ (ਕੈਲਾਸ਼ ਮਾਨਸਰੋਵਰ) ਗਿਆ ਸੀ, ਜਿੱਥੇ ਆਏ ਭਿਆਨਕ ਹੜ੍ਹਾਂ ਦੀ ਲਪੇਟ ’ਚ ਆ ਕੇ ਲਾਪਤਾ ਹੋ ਗਿਆ।
ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ (Anita Anand) ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲਾਪਤਾ ਹੋਏ 32 ਕੈਨੇਡੀਅਨ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ ਵਿੱਚੋਂ ਹਾਲ ਦੀ ਘੜੀ ਇੱਕੋ ਹੀ ਵਿਅਕਤੀ ਸੁਰੱਖਿਅਤ ਪਰਤਣ ’ਚ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇਪਾਲ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੀਤੇ ਦਿਨ ਨੇਪਾਲੀ ਪ੍ਰਸ਼ਾਸਨ ਵਲੋਂ ਬਚਾਏ ਗਏ 121 ਵਿਦੇਸ਼ੀ ਨਾਗਰਿਕਾਂ ਦੀ ਜੋ ਸੂਚੀ ਜਾਰੀ ਕੀਤੀ ਗਈ ਸੀ, ਉਸ ਵਿੱਚ ਫਿਲਹਾਲ ਕਿਸੇ ਵੀ ਕੈਨੇਡੀਅਨ ਦਾ ਨਾਂ ਸ਼ਾਮਲ ਨਹੀਂ ਹੈ। ਕੈਨੇਡਾ ਸਰਕਾਰ ਨੇ ਇਸ ਸੰਕਟ ਦੀ ਘੜੀ ਵਿੱਚ ਮਾਨਵਤਾਵਾਦੀ ਮਦਦ ਲਈ ਰੈੱਡ ਕਰਾਸ ਰਾਹੀਂ 50 ਲੱਖ ਡਾਲਰ ਦੀ ਰਾਹਤ ਰਾਸ਼ੀ ਨੇਪਾਲ ਭੇਜਣ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ ਖੇਵਲ ਸ਼ਾਹ ਨੇ ਦੱਸਿਆ ਕਿ ਉਸ ਦੇ ਭਰਾ-ਭਾਬੀ ਦੀ ਸੋਮਵਾਰ ਨੂੰ ਆਖਰੀ ਵਾਰ ਉਸ ਨਾਲ ਗੱਲਬਾਤ ਹੋਈ ਸੀ, ਜਦੋਂ ਉਹ ਨੇਪਾਲ ਤੋਂ ਤਿੱਬਤ ਸਰਹੱਦ ਪਾਰ ਕਰਨ ਲਈ ਇਮੀਗ੍ਰੇਸ਼ਨ ਦਫ਼ਤਰ ਵਿੱਚ ਬੈਠੇ ਸਨ। ਉਸ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਬਿਲਕੁਲ ਟੁੱਟ ਗਿਆ, ਕਿਉਂਕਿ ਉਹ ਇਲਾਕਾ ਹੜ੍ਹਾਂ ਦੀ ਮਾਰ ਹੇਠ ਸਭ ਤੋਂ ਵੱਧ ਆਇਆ ਹੈ। ਖੇਵਲ ਦਾ ਕਹਿਣਾ ਹੈ ਕਿ ਭਾਵੇਂ ਨੇਪਾਲ ਸਰਕਾਰ ਅਤੇ ਰਾਹਤ ਟੀਮਾਂ ਆਪਣੇ ਵੱਲੋਂ ਯਤਨ ਕਰ ਰਹੀਆਂ ਹਨ, ਪਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਬਚਾਅ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ ਤਾਂ ਜੋ ਲਾਪਤਾ ਲੋਕਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।

